‘ਦੈਨਿਕ ਭਾਸਕਰ’ ਅਖ਼ਬਾਰ ਦੇ ਦਫ਼ਤਰਾਂ ਤੇ ਆਮਦਨ ਕਰ ਵਿਭਾਗ ਦਾ ਛਾਪਾ

0
56

ਚੰਡੀਗ੍ਹੜ (TLT) ਆਮਦਨ ਕਰ ਵਿਭਾਗ ਨੇ ਟੈਕਸ ਚੋਰੀ ਦੇ ਦੋਸ਼ਾਂ ਤਹਿਤ ‘ਦੈਨਿਕ ਭਾਸਕਰ’ ਅਖਬਾਰ ਦੇ ਵੱਖ ਵੱਖ ਦਫਤਰਾਂ ‘ਤੇ ਛਾਪਾ ਮਾਰਿਆ ਹੈ। ਪਤਾ ਲੱਗਿਆ ਹੈ ਕਿ ਕੰਪਨੀ ਦੇ ਦਫ਼ਤਰਾਂ ‘ਤੇ ਰਾਤੀਂ ਢਾਈ ਵਜੇ ਤੋਂ ਛਾਪੇ ਮਾਰੇ ਜਾ ਰਹੇ ਹਨ। ਇਨਕਮ ਟੈਕਸ ਇਨਵੈਸਟੀਗੇਸ਼ਨ ਵਿੰਗ ਦੇ ਇਹ ਛਾਪੇ ਭਾਸਕਰ ਦੇ ਨੋਇਡਾ, ਜੈਪੁਰ ਤੇ ਅਹਿਮਦਾਬਾਦ ਦਫਤਰਾਂ ‘ਤੇ ਮਾਰੇ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਆਮਦਨ ਟੈਕਸ ਵਿਭਾਗ ਦਾ ਵੱਡਾ ਛਾਪਾ ਹੈ। ‘ਦੈਨਿਕ ਭਾਸਕਰ’ ਦੇ ਦਫਤਰ ਵਿੱਚ ਮੌਜੂਦ ਸਾਰੇ ਕਰਮਚਾਰੀਆਂ ਦੇ ਫੋਨ ਜ਼ਬਤ ਕਰ ਲਏ ਗਏ ਸਨ। ਇਸ ਦੇ ਨਾਲ ਹੀ, ਕਿਸੇ ਨੂੰ ਵੀ ਬਾਹਰ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਸੀ। ਇਨਕਮ ਟੈਕਸ ਟੀਮ ਪ੍ਰੈੱਸ ਕੰਪਲੈਕਸ ਸਮੇਤ ਅੱਧੀ ਦਰਜਨ ਥਾਵਾਂ ‘ਤੇ ਮੌਜੂਦ ਰਹੀ। ਪੂਰੀ ਤਲਾਸ਼ੀ ਮੁਹਿੰਮ ਦਿੱਲੀ ਤੇ ਮੁੰਬਈ ਦੀ ਸਾਂਝੀ ਟੀਮ ਵੱਲੋਂ ਕੀਤੀ ਜਾ ਰਹੀ ਹੈ। ਛਾਪੇਮਾਰੀ ਵਿਚ 100 ਤੋਂ ਵੱਧ ਅਧਿਕਾਰੀ ਤੇ ਹੋਰ ਕਰਮਚਾਰੀ ਸ਼ਾਮਲ ਹਨ। ਹੁਣ ਤੱਕ ਛਾਪੇਮਾਰੀ ਦੌਰਾਨ ਅਹਿਮ ਦਸਤਾਵੇਜ਼ਾਂ ਦੇ ਲੱਭੇ ਜਾਣ ਦਾ ਦਾਅਵਾ ਕੀਤਾ ਗਿਆ ਹੈ।