ਕਮਿਸ਼ਨਰੇਟ ਪੁਲਿਸ ਨੇ ਦੋ ਦਿਨਾਂ ਵਿੱਚ ਕਤਲ ਕੇਸ ਦੀ ਗੁੱਥੀ ਸੁਲਝਾਈ, ਤਿੰਨ ਮੁਲਜ਼ਮ ਗ੍ਰਿਫ਼ਤਾਰ

0
89

ਜਲੰਧਰ (ਰਮੇਸ਼ ਗਾਬਾ) ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇਕ 22 ਸਾਲਾ ਨੌਜਵਾਨ ਦੇ ਕਤਲ ਦੇ ਮਾਮਲੇ ਨੂੰ ਦੋ ਦਿਨਾਂ ਦੇ ਅੰਦਰ ਸੁਲਝਾਉਂਦਿਆਂ ਇਸ ਘਿਨਾਉਣੇ ਅਪਰਾਧ ਵਿੱਚ ਸ਼ਾਮਲ ਤਿੰਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਹਿਚਾਣ ਉਮੇਸ਼ (44), ਗਣੇਸ਼ ਰਾਮ (40) ਅਤੇ ਗੁਲਸ਼ਨ (24) ਵਜੋਂ ਹੋਈ ਹੈ, ਜੋ ਕਿ ਛੱਤੀਸਗੜ੍ਹ ਦੇ ਰਹਿਣ ਵਾਲੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮ੍ਰਿਤਕ ਧਰਮਵੀਰ ਪ੍ਰਸਾਦ ਅਤੇ ਮੁਲਜ਼ਮ ਗਣੇਸ਼ ਰਾਮ ਦੀ ਧੀ ਇਕ ਦੂਸਰੇ ਨੂੰ ਪਸੰਦ ਕਰਦੇ ਸਨ, ਜੋ ਕਿ ਮੁਲਜ਼ਮ ਗਣੇਸ਼ ਰਾਮ ਨੂੰ ਮਨਜ਼ੂਰ ਨਹੀਂ ਸੀ । ਉਨ੍ਹਾਂ ਅੱਗੇ ਦੱਸਿਆ ਕਿ ਗਣੇਸ਼ ਰਾਮ ਆਪਣੀ ਲੜਕੀ ਦਾ ਵਿਆਹ 24 ਸਾਲਾ ਗੁਲਸ਼ਨ ਨਾਲ ਕਰਵਾਉਣਾ ਚਾਹੁੰਦਾ ਸੀ, ਜਿਹੜਾ ਲੜਕੀ ਨੂੰ ਪਸੰਦ ਵੀ ਕਰਦਾ ਸੀ। ਇਸ ਪ੍ਰੇਮ ਪ੍ਰਸੰਗ ਕਾਰਨ ਇਸ ਘਿਨਾਉਣੇ ਅਪਰਾਧ ਨੂੰ ਅੰਜਾਮ ਦਿੱਤਾ ਗਿਆ ਅਤੇ ਗਣੇਸ਼ ਰਾਮ, ਗੁਲਸ਼ਨ ਨੇ ਆਪਣੇ ਚਾਚੇ ਉਮੇਸ਼ ਦੇ ਨਾਲ ਮਿਲ ਕੇ ਪਿੰਡ ਰੇੜੂ, ਪਠਾਨਕੋਟ ਚੌਕ ਸਥਿਤ ਨਿਰਮਾਣ ਅਧੀਨ ਇਮਾਰਤ ਵਿੱਚ ਧਰਮਵੀਰ ਪ੍ਰਸਾਦ ਦੀ ਹੱਤਿਆ ਕਰ ਦਿੱਤੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਤਿੰਨੇ ਮੁਲਜ਼ਮਾਂ ਨੇ ਮ੍ਰਿਤਕ ਦੇ ਚਿਹਰੇ ‘ਤੇ ਗੰਭੀਰ ਸੱਟਾਂ ਮਾਰੀਆਂ, ਜੋ ਉਸ ਲਈ ਜਾਨਲੇਵਾ ਸਾਬਤ ਹੋਈਆਂ। ਉਨ੍ਹਾਂ ਦੱਸਿਆ ਕਿ ਤਿੰਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਪਰਾਧ ਵਿੱਚ ਵਰਤੇ ਗਏ ਹਥਿਆਰ ਦੀ ਬਰਾਮਦਗੀ ਲਈ ਅਦਾਲਤ ਤੋਂ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜਾਂਚ ਪੂਰੀ ਕੀਤੀ ਜਾਵੇਗੀ ਅਤੇ ਨਿਰਧਾਰਤ ਸਮੇਂ ਵਿੱਚ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ।