ਫੌਜ ਦੀ ਭਰਤੀ ਸਬੰਧੀ ਕਾਮਨ ਐਂਟਰੈਂਸ ਐਗਜ਼ਾਮ (ਸੀ.ਈ.ਈ.) 25 ਜੁਲਾਈ ਨੂੰ

0
48

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਸੀ.ਈ.ਈ. ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸਟੇਡੀਅਮ ਦਾ ਕੀਤਾ ਦੌਰਾ
ਪ੍ਰੀਖਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਵਿਭਾਗਾਂ ਦੀਆਂ ਲਗਾਈਆਂ ਡਿਊਟੀਆਂ


ਜਲੰਧਰ (ਰਮੇਸ਼ ਗਾਬਾ) ਫੌਜ ਦੀ ਭਰਤੀ ਸਬੰਧੀ 25 ਜੁਲਾਈ 2021 ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਲੰਧਰ ਵਿਖੇ ਲਏ ਜਾਣ ਵਾਲੇ ਕਾਮਨ ਐਂਟਰੈਂਸ ਐਗਜ਼ਾਮ (ਸੀ.ਈ.ਈ.) ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਸਪ੍ਰੀਤ ਸਿੰਘ ਵੱਲੋਂ ਅੱਜ ਸਟੇਡੀਅਮ ਦਾ ਦੌਰਾ ਕੀਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਸਪ੍ਰੀਤ ਸਿੰਘ, ਜਿਨ੍ਹਾਂ ਨੂੰ ਸੀ.ਈ.ਈ. ਸਬੰਧੀ ਨੋਡਲ ਅਫ਼ਸਰ ਵੀ ਨਿਯੁਕਤ ਕੀਤਾ ਗਿਆ ਹੈ, ਨੇ ਦੱਸਿਆ ਕਿ 4 ਜਨਵਰੀ 2021 ਤੋਂ 31 ਜਨਵਰੀ 2021 ਤੱਕ ਆਯੋਜਿਤ ਫੌਜ ਭਰਤੀ ਰੈਲੀ, ਜਲੰਧਰ ਕੈਂਟ ਤੋਂ ਬਾਅਦ ਮੈਡੀਕਲ ਤੌਰ ‘ਤੇ ਫਿੱਟ ਪਾਏ ਗਏ ਉਮੀਦਵਾਰਾਂ ਲਈ 25 ਅਪ੍ਰੈਲ 2021 ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਲੰਧਰ ਵਿਖੇ ਕਾਮਨ ਐਂਟਰੈਂਸ ਐਗਜ਼ਾਮ (ਸੀ.ਈ.ਈ.) ਕਰਵਾਇਆ ਜਾਣਾ ਸੀ, ਜੋ ਕਿ ਹੁਣ 25 ਜੁਲਾਈ 2021 ਨੂੰ ਹੋਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਪੰਜ ਜ਼ਿਲ੍ਹਿਆਂ ਹੁਸ਼ਿਆਰਪੁਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਜਲੰਧਰ ਅਤੇ ਤਰਨਤਾਰਨ ਦੇ ਲਗਭਗ 4000 ਪ੍ਰੀਖਿਆਰਥੀ ਸ਼ਾਮਲ ਹੋਣਗੇ।
ਸ਼੍ਰੀ ਸਿੰਘ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਪ੍ਰੀਖਿਆ ਦੇ ਸੁਚੱਜੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੰਦਿਆਂ ਜਿਥੇ ਨਗਰ ਨਿਗਮ ਨੂੰ ਸਟੇਡੀਅਮ ਦੀ ਸਾਫ਼-ਸਫਾਈ ਸਮੇਤ ਇਥੇ ਵਾਟਰ ਟੈਂਕ ਅਤੇ ਮੋਬਾਇਲ ਟਾਇਲਟ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ ਉਥੇ ਸਿਵਲ ਸਰਜਨ ਨੂੰ ਉਕਤ ਸਥਾਨ ‘ਤੇ ਮੈਡੀਕਲ ਟੀਮ ਮੁਹੱਈਆ ਕਰਵਾਉਣ ਸਮੇਤ ਫਾਇਰ ਵਿਭਾਗ ਨੂੰ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ।
ਪ੍ਰੀਖਿਆਰਥੀਆਂ ਦੀ ਪ੍ਰੀਖਿਆ ਵਾਲੇ ਦਿਨ (25 ਜੁਲਾਈ ਨੂੰ) ਸਵੇਰੇ 2 ਵਜੇ ਤੋਂ ਸ਼ਹਿਰ ਵਿੱਚ ਆਮਦ ਦੇ ਮੱਦੇਨਜ਼ਰ ਉਨ੍ਹਾਂ ਪੁਲਿਸ ਵਿਭਾਗ ਨੂੰ ਟਰੈਫਿਕ ਦੇ ਸੁਚੱਜੇ ਪ੍ਰਬੰਧ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਪ੍ਰੀਖਿਆਰਥੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਉਨ੍ਹਾਂ ਪੁਲਿਸ ਵਿਭਾਗ ਨੂੰ ਸਟੇਡੀਅਮ ਵਿਖੇ ਸੁਰੱਖਿਆ ਪ੍ਰਬੰਧ ਅਤੇ ਵਿਭਾਗ ਨਾਲ ਸਬੰਧਤ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੀ ਕਿਹਾ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਕਿਹਾ ਕਿ ਸਟੇਡੀਅਮ ਵਿਖੇ ਦਾਖਲੇ ਲਈ ਇਕ ਹੀ ਐਂਟਰੀ ਪੁਆਇੰਟ ਬਣਾਇਆ ਜਾਵੇਗਾ ਅਤੇ ਸਮੁੱਚੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਉਪਰੰਤ ਸਟੇਡੀਅਮ ਨੂੰ 21 ਜੁਲਾਈ ਦੀ ਸ਼ਾਮ ਨੂੰ ਆਮ ਨਾਗਰਿਕਾਂ (ਸਿਵੀਲੀਅਨਜ਼) ਲਈ ਬੰਦ ਕਰਨ ਉਪਰੰਤ 22 ਜੁਲਾਈ ਨੂੰ ਫੌਜ ਦੇ ਸੁਪਰਦ ਕਰ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਏ.ਡੀ.ਸੀ. (ਡੀ) ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਨੂੰ ਸਮੁੱਚੇ ਲੋੜੀਂਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੰਦਿਆਂ ਸਟੇਡੀਅਮ ਵਿਖੇ ਕੋਵਿਡ ਪ੍ਰੋਟੋਕੋਲਜ਼ ਦੀ ਪਾਲਣਾ ਨੂੰ ਵੀ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ।
ਇਸ ਦੌਰਾਨ ਕਰਨਲ ਰੂਚਿਰ ਪਾਂਡੇ ਨੇ ਪ੍ਰੀਖਿਆ ਦੇ ਸਮੇਂ ਸਬੰਧੀ ਜਾਣਕਾਰੀ ਦੱਸਿਆ ਕਿ ਕਾਮਨ ਐਂਟਰੈਂਸ ਐਗਜ਼ਾਮ 25 ਜੁਲਾਈ ਨੂੰ ਸਵੇਰੇ 11 ਵਜੇ ਤੋਂ 12 ਵਜੇ (1 ਘੰਟਾ) ਤੱਕ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰੀਖਿਆਰਥੀਆਂ ਨੂੰ ਵੱਖਰੇ ਐਂਟਰੀ ਕਾਰਡ ਜਾਰੀ ਨਹੀਂ ਕੀਤੇ ਜਾਣਗੇ ਬਲਕਿ ਐਡਮਿਟ ਕਾਰਡ ‘ਤੇ ਹੀ ਪ੍ਰੀਖਿਆਰਥੀਆਂ ਦੀ ਐਂਟਰੀ ਹੋ ਸਕੇਗੀ।
ਇਸ ਮੌਕੇ ਡੀ.ਐਸ.ਪੀ. ਹਰਿੰਦਰ ਗਿੱਲ ਅਤੇ ਹੋਰ ਵੀ ਮੌਜੂਦ ਸਨ।