ਪੰਜਾਬ ਵਿੱਚ ਗੈਰਕਾਨੂੰਨੀ ਹਥਿਆਰ ਸਪਲਾਈ ਕਰਨ ਵਾਲੇ ਨੈਟਵਰਕ ਦਾ ਪਰਦਾਫਾਸ਼, ਤਿੰਨ ਦੋਸ਼ੀ ਗ੍ਰਿਫਤਾਰ

0
62

ਪੁਲਿਸ ਨੇ ਦੋਸੀਆਂ ਦੇ ਕਬਜ਼ੇ ਵਿਚੋਂ .32 ਬੋਰ ਦੀ ਪਿਸਤੌਲ ਸਮੇਤ ਦੋ ਮੈਗਜੀਨ ਅਤੇ ਇੱਕ ਹੌਂਡਾ ਐਕਟਿਵਾ ਸਕੂਟਰ ਬਰਾਮਦ ਕੀਤਾ ਹੈ

ਕਪੂਰਥਲਾ (TLT) ਅਪਰਾਧੀਆਂ ਖਿਲਾਫ ਮੁਹਿੰਮ ਨੂੰ ਜਾਰੀ ਰੱਖਦਿਆਂ ਕਪੂਰਥਲਾ ਪੁਲਿਸ ਨੇ ਉਤਰਾਖੰਡ ਤੋਂ ਪੰਜਾਬ ਵਿੱਚ ਨਾਜਾਇਜ਼ ਹਥਿਆਰ ਸਪਲਾਈ ਕਰਨ ਵਾਲੇ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ ਅਤੇ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਦੇ ਇਸ਼ਾਰੇ ਉੱਤੇ ਕੰਮ ਕਰਨ ਵਾਲੇ ਤਿੰਨ ਦੋਸੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਨੂੰ ਅਰਸ਼ਦ ਸਲਮਾਨੀ ਵਾਸੀ ਰੁੜਕੀ, ਉਤਰਾਖੰਡ, ਹਨੀ ਹੰਸ ਉਰਫ ਪਾਲੀ ਅਤੇ ਰਾਜਿੰਦਰ ਕੁਮਾਰ ਦੋਵੇਂ ਵਾਸੀ ਲੁਧਿਆਣਾ ਵਜੋਂ ਹੋਈ ਹੈ।

ਵਧੇਰੇ ਜਾਣਕਾਰੀ ਦਿੰਦਿਆਂ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦਸਿਆਂ ਸੀਆਈਏ ਫਗਵਾੜਾ ਇੰਚਾਰਜ ਸਿਕੰਦਰ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਉਤਰਾਖੰਡ ਵਾਸੀ ਅਰਸ਼ਦ ਸਲਮਾਨੀ ਅਤੇ ਉਸ ਦੇ ਸਾਥੀ ਜੋ ਜੇਲ੍ਹਾਂ ਵਿਚ ਬੰਦ ਕੁਝ ਗੈਂਗਸਟਰਾਂ ਦੇ ਸੰਪਰਕ ਵਿਚ ਹਨ ਅਤੇ ਇਕ ਹੌਂਡਾ ਐਕਟਿਵਾ ਸਕੂਟਰ ਤੇ ਫਗਵਾੜਾ ਵੱਲ ਨੂੰ ਜਾਂ ਤਾਂ ਅਪਰਾਧਿਕ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਲਈ ਜਾਂ ਕੁਝ ਲੁੱਟ ਖੋਹ ਕਰਨ ਲਈ ਆ ਰਹੇ ਹਨ।

ਐਸਐਸਪੀ ਨੇ ਕਿਹਾ ਕਿ ਸੀਆਈਏ ਸਟਾਫ਼ ਅਤੇ ਸਦਰ ਥਾਣਾ ਫਗਵਾੜਾ ਦੀ ਸਾਂਝੀ ਪੁਲਿਸ ਟੀਮ ਨੇ ਤੁਰੰਤ ਵਿਸ਼ੇਸ਼ ਨਾਕਾਬੰਦੀ ਕਰਕੇ ਚੈਕਿੰਗ ਸ਼ੁਰੂ ਕੀਤੀ ਅਤੇ ਜਦੋਂ ਦੋਸੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਵਲੋਂ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਟੀਮ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਐਸਐਸਪੀ ਖੱਖ ਨੇ ਦੱਸਿਆ ਕਿ ਪੁਲਿਸ ਟੀਮ ਨੇ ਦੋਸ਼ੀਆਂ ਦੇ ਕਬਜ਼ੇ ਵਿਚੋਂ ਇਕ .32 ਬੋਰ ਦੀ ਗੈਰ ਕਾਨੂੰਨੀ ਪਿਸਤੌਲ ਸਮੇਤ ਦੋ ਮੈਗਜ਼ੀਨ ਅਤੇ ਇਕ ਐਕਟਿਵਾ ਸਕੂਟਰ ਬਰਾਮਦ ਕੀਤੇ ਹਨ।

ਮੁਢਲੀ ਜਾਂਚ ਦੌਰਾਨ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਗਿਰੋਹ ਦਾ ਮੁਖੀ ਅਰਸ਼ਦ ਸਲਮਾਨੀ ਹੈ ਅਤੇ ਉਹ ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਗੈਂਗਸਟਰ ਅਮਨਦੀਪ ਸਿੰਘ ਬੱਬੂ ਦੇ ਇਸ਼ਾਰੇ ’ਤੇ ਰੁੜਕੀ ਤੋਂ ਗੈਰ ਕਾਨੂੰਨੀ ਹਥਿਆਰ ਲਿਆ ਕੇ ਪੰਜਾਬ ਦੇ ਗੈਂਗਸਟਰਾਂ ਨੂੰ ਸਪਲਾਈ ਕਰਦੇ ਹਨ।
ਐਸਐਸਪੀ ਨੇ ਦੱਸਿਆ ਕਿ ਦੋਸ਼ੀਆਂ ਦੇ ਖ਼ਿਲਾਫ਼ ਥਾਣਾ ਸਦਰ ਫਗਵਾੜਾ ਵਿੱਚ ਭਾਰਤੀ ਦੰਡਾਵਲੀ ਅਧਿਨਿਯਮ ਅਤੇ ਅਸਲਾ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਉਨ੍ਹਾਂ ਨੂੰ ਮੈਜਿਸਟਰੇਟ ਸਾਹਮਣੇ ਪੇਸ਼ ਕਰੇਗੀ ਅਤੇ ਗੈਂਗ ਦੇ ਬਾਕੀ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਲਈ ਉਨ੍ਹਾਂ ਦੇ ਪੁਲਿਸ ਰਿਮਾਂਡ ਦੀ ਮੰਗ ਕਰੇਗੀ ਅਤੇ ਅਮਨਦੀਪ ਸਿੰਘ ਬੱਬੂ ਨੂੰ ਵੀ ਹੁਸ਼ਿਆਰਪੁਰ ਦੀਆਂ ਜੇਲ੍ਹ ਤੋਂ ਪ੍ਰੋਡਕਟ ਵਾਰੰਟ ‘ਤੇ ਲਿਆ ਕੇ ਪੁੱਛਗਿੱਛ ਕਰੇਗੀ।