ਬੱਚਿਆਂ ਲਈ ਆਧਾਰ ਇਨਰੋਲਮੈਂਟ ਅਤੇ ਅਪਡੇਸ਼ਨ ਜ਼ਰੂਰੀ : ਭਾਵਨਾ ਗਰਗ

0
45

ਡਿਪਟੀ ਡਾਇਰੈਕਟਰ ਜਨਰਲ ਯੂ.ਆਈ.ਡੀ.ਏ.ਆਈ. ਵੱਲੋਂ ਜ਼ਿਲ੍ਹੇ ਵਿੱਚ ਆਧਾਰ ਕਾਰਡ ਇਨਰੋਲਮੈਂਟ ਦੀ ਸਮੀਖਿਆ ਲਈ ਡਿਪਟੀ ਕਮਿਸ਼ਨਰ ਜਲੰਧਰ ਨਾਲ ਮੀਟਿੰਗ
ਜਲੰਧਰ ਵਿੱਚ 221 ਕੇਂਦਰਾਂ ਵੱਲੋਂ ਦਿੱਤੀ ਜਾ ਰਹੀ ਆਧਾਰ ਇਨਰੋਲਮੈਂਟ ਅਤੇ ਅਪਡੇਸ਼ਨ ਦੀ ਸਹੂਲਤ : ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ

ਜਲੰਧਰ (ਰਮੇਸ਼ ਗਾਬਾ) ਡਿਪਟੀ ਡਾਇਰੈਕਟਰ ਜਨਰਲ ਯੂ.ਆਈ.ਡੀ.ਏ.ਆਈ. ਭਾਵਨਾ ਗਰਗ ਨੇ ਪੰਜ ਅਤੇ 15 ਸਾਲ ਦੀ ਉਮਰ ਵਿਚ ਬਾਇਓਮੈਟ੍ਰਿਕਸ ਨੂੰ ਅਪਡੇਟ ਕਰਨ ਤੋਂ ਇਲਾਵਾ ਸਮੂਹ ਬੱਚਿਆਂ ਲਈ ਆਧਾਰ ਨਾਮਾਂਕਣ (ਇਨਰੋਲਮੈਂਟ) ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨਾਲ ਇੱਕ ਮੀਟਿੰਗ ਵਿੱਚ ਆਧਾਰ ਨਾਮਾਂਕਣ ਅਤੇ ਅਪਡੇਸ਼ਨ ਦੀ ਸਮੀਖਿਆ ਕਰਦਿਆਂ ਡੀ.ਡੀ.ਜੀ. ਨੇ ਕਿਹਾ ਕਿ 5 ਅਤੇ 15 ਸਾਲ ਦੀ ਉਮਰ ਤੋਂ ਬਾਅਦ ਬੱਚਿਆਂ ਦੇ ਫਿੰਗਰਪ੍ਰਿੰਟਸ ਅਤੇ ਆਇਰਿਸ ਸਕੈਨ ਸਮੇਤ ਬਾਇਓਮੈਟ੍ਰਿਕਸ ਅਪਡੇਟ ਕਰਨਾ ਲਾਜ਼ਮੀ ਹੈ।
ਭਾਵਨਾ ਗਰਗ ਨੇ ਕਿਹਾ ਕਿ ਆਧਾਰ ਹਰ ਉਮਰ ਵਰਗ ਲਈ ਹੈ – ਇੱਥੋਂ ਤੱਕ ਕਿ ਇੱਕ ਨਵ ਜਨਮਿਆ ਬੱਚਾ ਵੀ ਆਧਾਰ ਪ੍ਰਾਪਤ ਕਰ ਸਕਦਾ ਹੈ ਅਤੇ 5 ਸਾਲ ਅਤੇ 15 ਸਾਲ ਦੀ ਉਮਰ ਵਿੱਚ ਆਧਾਰ ਵਿੱਚ ਲਾਜ਼ਮੀ ਬਾਇਓਮੈਟ੍ਰਿਕ ਅਪਡੇਸ਼ਨ ਮੁਫ਼ਤ ਹੈ।
ਆਧਾਰ ਨਾਮਾਂਕਣ ਮੁਫ਼ਤ ਹੈ ਅਤੇ ਜਨਸੰਖਿਆ ਸੰਬੰਧੀ ਕਿਸੇ ਅਪਡੇਸ਼ਨ ਜਿਵੇਂ ਪਤਾ, ਨਾਮ, ਜਨਮ ਮਿਤੀ, ਲਿੰਗ ਸਬੰਧੀ ਅਪਡੇਟ/ਸੋਧ ਲਈ 50 ਰੁਪਏ ਨਿਰਧਾਰਤ ਕੀਤੇ ਗਏ ਹਨ; ਹਾਲਾਂਕਿ, ਬਾਇਓਮੈਟ੍ਰਿਕ ਅਪਡੇਟਸ ਜਿਵੇਂ ਕਿ ਫੋਟੋ ਵਿਚ ਤਬਦੀਲੀ ਜਾਂ ਆਧਾਰ ਵਿਚ ਆਈਰਿਸ ਜਾਂ ਫਿੰਗਰ ਪ੍ਰਿੰਟ ਨੂੰ ਅਪਡੇਟ ਕਰਨ ਵਰਗੀਆਂ ਸੇਵਾਵਾਂ ਦਾ ਲਾਭ 100 ਰੁਪਏ ਫੀਸ ਭਰ ਕੇ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵੱਧ ਵਸੂਲੀ ਦੇ ਮਾਮਲੇ ਵਿੱਚ ਲੋਕ (ਟੋਲ-ਫ੍ਰੀ ਨੰਬਰ) 1947 ‘ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ।
ਡੀ.ਡੀ.ਜੀ. ਨੇ ਅੱਗੇ ਕਿਹਾ ਕਿ ਆਧਾਰ ਲਈ ਨਾਮਾਂਕਣ/ਅਪਡੇਟ ਕਰਨ ਸਮੇਂ ਨਿਵਾਸੀ ਨੂੰ ਆਪਣੇ ਵੇਰਵਿਆਂ ਨੂੰ ਧਿਆਨ ਨਾਲ ਜਾਂਚਣਾ ਚਾਹੀਦਾ ਹੈ ਕਿਉਂਕਿ ਆਧਾਰ ਵਿੱਚ ਨਾਮ, ਜਨਮ ਮਿਤੀ ਅਤੇ ਲਿੰਗ ਵਰਗੇ ਵੇਰਵਿਆਂ ਨੂੰ ਅਪਡੇਟ ਕਰਨ ਦੀ ਇਕ ਸੀਮਾ ਹੈ। ਉਨ੍ਹਾਂ ਦੱਸਿਆ ਕਿ ਆਧਾਰ ਵਿਚ ਨਾਮ ਨੂੰ ਦੋ ਵਾਰ ਅਪਡੇਟ ਕੀਤਾ ਜਾ ਸਕਦਾ ਹੈ, ਜਨਮ ਮਿਤੀ ਇਕ ਵਾਰ ਅਪਡੇਟ ਕੀਤੀ ਜਾ ਸਕਦੀ ਹੈ ਜਦਕਿ ਲਿੰਗ ਸਬੰਧੀ ਵੇਰਵੇ ਨੂੰ ਵੀ ਇਕ ਵਾਰ ਹੀ ਸਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਧਾਰ ਉਨ੍ਹਾਂ ਵਸਨੀਕਾਂ ਨੂੰ ਸਵੈ-ਸੇਵਾ ਅਪਡੇਟ ਦੀ ਸੁਵਿਧਾ ਵੀ ਪ੍ਰਦਾਨ ਕਰਦਾ ਹੈ, ਜਿਹੜੇ ਨਾਮ, ਲਿੰਗ, ਜਨਮ ਮਿਤੀ ਅਤੇ ਪਤੇ ਸਮੇਤ ਆਧਾਰ ਵਿੱਚ ਜਨਸੰਖਿਆ ਸੰਬੰਧੀ ਜਾਣਕਾਰੀ ਨੂੰ ਅਪਡੇਟ ਕਰਨਾ ਚਾਹੁੰਦੇ ਹਨ।
ਉਨ੍ਹਾਂ ਦੱਸਿਆ ਕਿ ਜਨਸੰਖਿਆ ਸਬੰਧੀ ਵੇਰਵਿਆਂ ਨੂੰ ਆਨਲਾਈਨ ਅਪਡੇਟ ਕਰਨ ਲਈ ਵਸਨੀਕ ਨੂੰ https://ssup.uidai.gov.in/ssup/ ‘ਤੇ ਲਾਗ ਇਨ ਕਰਨਾ ਹੋਵੇਗਾ। ਹਾਲਾਂਕਿ ਆਨਲਾਈਨ ਅਪਡੇਸ਼ਨ ਦੀ ਸਹੂਲਤ ਲੈਣ ਲਈ ਬਿਨੈਕਾਰ ਦਾ ਮੋਬਾਈਲ ਨੰਬਰ ਆਧਾਰ ਵਿੱਚ ਰਜਿਸਟਰਡ ਹੋਣਾ ਲਾਜ਼ਮੀ ਹੈ।
ਇਸ ਦੌਰਾਨ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਭਰੋਸਾ ਦਿਵਾਇਆ ਕਿ ਜ਼ਿਲ੍ਹੇ ਵਿੱਚ 221 ਆਧਾਰ ਕੇਂਦਰ ਚੱਲ ਰਹੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਗਰਿਕਾਂ ਨੂੰ ਆਸਾਨ ਪਹੁੰਚ ਅਤੇ ਸੁਚਾਰੂ ਸੇਵਾਵਾਂ ਮਿਲਣਾ ਯਕੀਨੀ ਬਣਾਇਆ ਜਾਵੇਗਾ।