ਕਾਰ ਸੇਵਾ ਦੌਰਾਨ ਦਿਸੇ ਇਮਾਰਤੀ ਢਾਂਚੇ ਵਾਲੀ ਜਗ੍ਹਾ ਦਾ ਬੀਬੀ ਜਗੀਰ ਕੌਰ ਨੇ ਕੀਤਾ ਮੁਆਇਨਾ

0
57

ਪੁਰਾਤਤਵ ਵਿਭਾਗ ਦੇ ਨੁਮਾਇੰਦੇ ਸੋਮਵਾਰ ਨੂੰ ਜਾਂਚ ਲਈ ਆਉਣਗੇ- ਬੀਬੀ ਜਗੀਰ ਕੌਰ


ਅੰਮ੍ਰਿਤਸਰ (TLT) ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਨਜਦੀਕ ਚੱਲ ਰਹੀ ਜੋੜਾ ਘਰ ਅਤੇ ਗਠੜੀ ਘਰ ਦੀ ਸੇਵਾ ਦੌਰਾਨ ਸਾਹਮਣੇ ਆਏ ਇਮਾਰਤੀ ਢਾਂਚੇ ਵਾਲੀ ਜਗ੍ਹਾ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਮੁਆਇਨਾ ਕਰਨ ਮੌਕੇ ਕਿਹਾ ਕਿ ਇਸ ਸਬੰਧ ਵਿਚ ਪੁਰਾਤਤਵ ਵਿਭਾਗ ਦੀ ਟੀਮ ਸੋਮਵਾਰ ਨੂੰ ਆ ਕੇ ਜਾਂਚ ਕਰੇਗੀ ਅਤੇ ਓਨੀ ਦੇਰ ਤੱਕ ਇਸ ਇਮਾਰਤੀ ਢਾਂਚੇ ਨੂੰ ਛੇੜਿਆ ਨਹੀਂ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰਾਸਤੀ ਅਤੇ ਇਤਿਹਾਸਕ ਥਾਵਾਂ ਅਤੇ ਇਮਾਰਤਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਜਦਕਿ ਕੁਝ ਲੋਕ ਜਾਣਬੁਝ ਕੇ ਮਾਮਲੇ ਨੂੰ ਗਲਤ ਰੰਗਤ ਦੇਣਾ ਚਾਹੁੰਦੇ ਹਨ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਵਿਚਾਰ ਨੂੰ ਪਰਖਣ ਲਈ ਤੱਥ ਜ਼ਰੂਰ ਵਾਚਣ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਾਹਮਣੇ ਆਈ ਇਮਾਰਤ ਦੇ ਸਬੰਧ ਵਿਚ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਸਹਿਯੋਗ ਦਾ ਭਰੋਸਾ ਦਿੱਤਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਅਨੁਸਾਰ ਪੁਰਾਤਤਵ ਵਿਭਾਗ ਦੇ ਨੁਮਾਇੰਦੇ ਸੋਮਵਾਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਆਉਣਗੇ ਜਿਸ ਮਗਰੋਂ ਇਮਾਰਤ ਸਬੰਧੀ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਜੇਕਰ ਇਸ ਦਾ ਸਬੰਧ ਗੁਰੂ ਸਾਹਿਬਾਨ ਜਾਂ ਸਿੱਖ ਇਤਿਹਾਸ ਨਾਲ ਜੁੜਦਾ ਹੋਇਆ ਤਾਂ ਇਸ ਨੂੰ ਸੰਭਾਲ ਕੇ ਸੰਗਤ ਅਤੇ ਪ੍ਰਬੰਧ ਦੀ ਵਰਤੋਂ ਵਿਚ ਲਿਆਂਦਾ ਜਾਵੇਗਾ। ਇਕ ਸਵਾਲ ਦੇ ਜਵਾਬ ਵਿਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਭਾਵੇਂ ਅਜੇ ਤੱਕ ਇਸ ਇਮਾਰਤ ਬਾਰੇ ਕੋਈ ਠੋਸ ਇਤਿਹਾਸਕ ਤੱਥ ਸਾਹਮਣੇ ਨਹੀਂ ਆਇਆ ਪਰੰਤੂ ਫਿਰ ਵੀ ਮੁੱਢਲੇ ਤੌਰ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਗਲਿਆਰਾ ਯੋਜਨਾ ਸਮੇਂ ਸਰਕਾਰ ਵੱਲੋਂ ਹੇਠਾਂ ਨੱਪ ਦਿੱਤੀ ਗਈ ਹੋਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਤਾਂ ਸਗੋਂ ਇਸ ਨੂੰ ਸਾਹਮਣੇ ਲਿਆਂਦਾ ਹੈ, ਇਸ ਲਈ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਸਿੱਖ ਸੰਸਥਾ ਵੱਲੋਂ ਕਿਸੇ ਇਤਿਹਾਸਕ ਜਾਂ ਸਿੱਖ ਵਿਰਾਸਤ ਦਾ ਨੁਕਸਾਨ ਕੀਤਾ ਜਾਵੇ। ਬੀਬੀ ਜਗੀਰ ਕੌਰ ਨੇ ਕਿਹਾ ਕਿ ਮਾਹਿਰਾ ਵੱਲੋਂ ਰਿਪੋਰਟ ਮਿਲਣ ਤੱਕ ਸਭ ਨੂੰ ਇੰਤਜਾਰ ਕਰਨਾ ਚਾਹੀਦਾ ਹੈ ਅਤੇ ਅਗਲੀ ਜਾਣਕਾਰੀ ਸੰਗਤ ਨੂੰ ਜ਼ਰੂਰ ਦਿੱਤੀ ਜਾਵੇਗੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਸ. ਸੁਰਜੀਤ ਸਿੰਘ ਭਿੱਟੇਵੱਡ, ਮੈਂਬਰ ਭਾਈ ਮਨਜੀਤ ਸਿੰਘ, ਭਾਈ ਅਜਾਇਬ ਸਿੰਘ ਅਭਿਆਸੀ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਮੈਨੇਜਰ ਸ. ਗੁਰਿੰਦਰ ਸਿੰਘ ਮਥਰੇਵਾਲ, ਓਐਸਡੀ. ਡਾ. ਸੁਖਬੀਰ ਸਿੰਘ ਤੇ ਹੋਰ ਮੌਜੂਦ ਸਨ।