ਮਾਂ-ਬੇਟੀ ਦੀ ਮੌਤ, ਨੇਵੀ ’ਚ ਤਾਇਨਾਤ ਪਤੀ ’ਤੇ ਲਾਇਆ ਹੱਤਿਆ ਦਾ ਦੋਸ਼

0
45

ਸੁਜਾਨਪੁਰ (ਪਠਾਨਕੋਟ) (TLT) ਸੁਜਾਨਪੁਰ ਦੀ ਆਬਾਦੀ ਸੋਲੀ ਭੋਲੀ ਵਾਸੀ ਮਾਂ-ਬੇਟੀ ਦੀ ਅੰਡੇਮਾਨ ’ਚ ਹੋਈ ਮੌਤ ਦੇ ਮਾਮਲੇ ’ਚ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਨੇਵੀ ’ਚ ਤਾਇਨਾਤ ਉਸ ਦੇ ਪਤੀ ’ਤੇ ਹੀ ਹੱਤਿਆ ਦੇ ਦੋਸ਼ ਲਾਏ ਹਨ। ਮ੍ਰਿਤਕਾਂ ਦੀ ਪਛਾਣ 31 ਸਾਲ ਦੀ ਭਾਵਨਾ ਅਤੇ ਉਸ ਦੀ ਡੇਢ ਸਾਲ ਦੀ ਬੇਟੀ ਰੁਦ੍ਰਿਕਾ ਦੇ ਰੂਪ ’ਚ ਹੋਈ ਹੈ। ਦੋਵਾਂ ਦੀਆਂ ਦੇਹਾਂ 13 ਜੁਲਾਈ ਰਾਤ ਨੂੰ ਸੁਜਾਨਪੁਰ ’ਚ ਪੁੱਜੀਆਂ ਅਤੇ ਬੁੱਧਵਾਰ ਦੁਪਹਿਰ ਨੂੰ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ ਭਾਵਨਾ ਦੀ ਭੈਣ ਸ਼ਿਵਾਲਿਕਾ ਨੇ ਦੱਸਿਆ ਕਿ ਪਠਾਨਕੋਟ ਦੇ ਮਾਰਡਨ ਸੰਦੀਪਨੀ ਸਕੂਲ ’ਚ ਪੜ੍ਹਾਉਂਦੀ ਉਸ ਦੀ ਭੈਣ ਭਾਵਨਾ ਦਾ ਵਿਆਹ ਫਰਵਰੀ, 2018 ’ਚ ਪਠਾਨਕੋਟ ਦੇ ਘਰਥੌਲੀ ਮੁਹੱਲਾ ਵਾਸੀ ਨੀਰਜ ਸ਼ਰਮਾ ਨਾਲ ਹੋਇਆ ਸੀ, ਜੋ ਕਿ ਇਨ੍ਹੀਂ ਦਿਨੀਂ ਨੇਵੀ ’ਚ ਪੋਰਟ ਬਲੇਅਰ ’ਚ ਤਾਇਨਾਤ ਹੈ। ਵਿਆਹ ਦੇ ਇਕ ਮਹੀਨੇ ਬਾਅਦ ਹੀ ਸਹੁਰਾ ਪਰਿਵਾਰ ਨੇ ਭਾਵਨਾ ਨੂੰ ਦਾਜ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਸ ਦਾ ਪਤੀ ਭਾਵਨਾ ਨੂੰ ਛੱਡ ਕੇ ਕਿਤੇ ਹੋਰ ਵਿਆਹ ਕਰਨਾ ਚਾਹੁੰਦਾ ਸੀ। ਕਈ ਵਾਰ ਪਰਿਵਾਰ ਵਾਲਿਆਂ ਵੱਲੋਂ ਇਸ ਸਬੰਧੀ ਉਸ ਦੇ ਪਰਿਵਾਰ ਨਾਲ ਗੱਲ ਵੀ ਕੀਤੀ ਸੀ। ਇਸ ਵਿਚਾਲੇ ਭਾਵਨਾ ਨੇ ਬੇਟੀ ਨੂੰ ਜਨਮ ਦਿੱਤਾ। ਜੂਨ ’ਚ ਹੀ ਭਾਵਨਾ ਆਪਣੀ ਡੇਢ ਸਾਲ ਦੀ ਬੇਟੀ ਰੁਦ੍ਰਿਕਾ ਨੂੰ ਨਾਲ ਲੈ ਕੇ ਆਪਣੇ ਪਤੀ ਨਾਲ ਪੋਰਟ ਬਲੇਅਰ ਗਈ ਸੀ। 8 ਜੁਲਾਈ ਨੂੰ ਉਸ ਦੇ ਪਤੀ ਨੇ ਮੇਰੇ ਪਿਤਾ ਜਗਜੀਤ ਸਿੰਘ ਜੋ ਕਿ ਸਾਬਕਾ ਫ਼ੌਜੀ ਹਨ, ਨੂੰ ਫੋਨ ’ਤੇ ਦੱਸਿਆ ਕਿ ਭਾਵਨਾ ਅਤੇ ਉਨ੍ਹਾਂ ਦੀ ਡੇਢ ਸਾਲ ਦੀ ਬੇਟੀ ਰੁਦ੍ਰਿਕਾ ਦੀ ਮੌਤ ਹੋ ਗਈ ਹੈ। ਸ਼ਿਵਾਲਿਕਾ ਨੇ ਦੱਸਿਆ ਕਿ ਅੰਡੇਮਾਨ ’ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ। ਭਾਵਨਾ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਮਹਿਲਾ ਕਮਿਸ਼ਨ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਤੋਂ ਭਾਵਨਾ ਦੇ ਪਤੀ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ’ਤੇ ਦਾਜ ਤੇ ਹੱਤਿਆ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।