ਡਿਪਟੀ ਕਮਿਸ਼ਨਰ ਵਲੋਂ ਦਿਵਿਆਂਗ ਬੱਚਿਆਂ ਲਈ ਵਿਸ਼ੇਸ਼ ਪਹਿਲ

0
46

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਨਿਵੇਕਲੀ ਕਿਸਮ ਦਾ ਝੂਲਾ ਲੁਧਿਆਣਾ ’ਚ ਲਗਾਇਆ
ਵਿਧਾਇਕ ਅਤੇ ਡਿਪਟੀ ਕਮਿਸ਼ਨਰ ਵਲੋਂ ਸ਼ਹੀਦੀ ਪਾਰਕ ’ਚ ਝੂਲਾ ਬੱਚਿਆਂ ਨੂੰ ਸਮਰਪਿਤ

ਲੁਧਿਆਣਾ (TLT) ਦਿਵਿਆਂਗ ਬੱਚਿਆਂ ਲਈ ਨਿਵੇਕਲੀ ਪਹਿਲ ਕਰਦਿਆਂ ਜ਼ਿਲ੍ਹਾ ਪ੍ਰਸਾਸਨ ਵਲੋਂ ਸਥਾਨਕ ਕਿਦਵਈ ਨਗਰ ਦੇ ਸ਼ਹੀਦੀ ਪਾਰਕ ਵਿਖੇ ਆਪਣੀ ਕਿਸਮ ਦਾ ਪਹਿਲਾ ਝੂਲਣ ਵਾਲਾ ਝੂਲਾ ਲਗਾਇਆ ਗਿਆ ਹੈ।
ਦਿਵਿਆਂਗ ਬੱਚਿਆਂ (ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ )ਨੂੰ ਝੂਲਾ ਸਮਰਪਿਤ ਕਰਦਿਆਂ ਵਿਧਾਇਕ ਸੁਰਿੰਦਰ ਡਾਵਰ ਅਤੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਖਾਸ ਤੌਰ ’ਤੇ ਤਿਆਰ ਕੀਤਾ ਇਹ ਝੂਲਾ ਲਗਾਉਣ ਵਾਲਾ ਲੁਧਿਆਣਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਝੂਲਾ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਖੁਸ਼ੀ ਅਤੇ ਮਨੋਰੰਜਨ ਲਿਆਵੇਗਾ ਅਤੇ ਇਹ ਬੱਚੇ ਵੀ ਦੂਸਰੇ ਬੱਚਿਆਂ ਦੀ ਤਰ੍ਹਾਂ ਝੂਲੇ ਦਾ ਪੂਰਾ ਆਨੰਦ ਮਾਣ ਸਕਣਗੇ ਜੋ ਕਿ ਹਰੇਕ ਦੇ ਬਚਪਨ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਇਹ ਬੱਚੇ ਅਜਿਹੇ ਮੌਕਿਆਂ ਤੋਂ ਵਾਂਝੇ ਰਹਿ ਜਾਂਦੇ ਸਨ, ਪਰ ਹੁਣ ਜ਼ਿਲ੍ਹੇ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਇਹ ਵਿਸ਼ੇਸ਼ ਝੂਲਾ ਲੱਗਣ ਨਾਲ ਇਨਾਂ ਬੱਚਿਆਂ ਦਾ ਬਹੁਤ ਵਧੀਆ ਸਮਾਂ ਲੰਘੇਗਾ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਲੋੜਾ ਵਾਲੇ ਬੱਚੇ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਨਾਂ ਦੀ ਸੇਵਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ । ਉਨ੍ਹਾਂ ਕਿਹ ਕਿ ਜਿਵੇਂ ਦੂਸਰੇ ਆਪਣੇ ਹੱਕਾਂ ਦਾ ਆਨੰਦ ਮਾਣਦੇ ਹਨ ਪ੍ਰਸ਼ਾਸਨ ਵਲੋਂ ਵੀ ਇਨਾਂ ਬੱਚਿਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
ਇਸ ਮੌਕੇ ਉਨ੍ਹਾਂ ਨੇ ਬਚਿਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਆਉਣ ਵਾਲੇ ਦਿਨਾਂ ਵਿੱਚ ਹੋਰ ਪਾਰਕਾਂ ਵਿੱਚ ਅਜਿਹੇ ਝੂਲੇ ਲਗਾਏ ਜਾਣਗੇ। ਉਨ੍ਹਾਂ ਵਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਹੱਕਾਂ ਲਈ ਅਵਾਜ਼ ਉਠਾਉਣ ਵਾਲੀ ਐਨ.ਜੀ.ਓ. ਸਮਰੱਥ ਦੀ ਪ੍ਰਧਾਨ ਐਡਵੋਕੇਟ ਦੀਪਤੀ ਸਲੂਜਾ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਗਈ।
ਉਨ੍ਹਾਂ ਵਲੋਂ ਗੰਗਾ ਐਕਰੋਵੂਲਜ਼ ਲਿਮਟਿਡ ਦੇ ਰਵਿੰਦਰਪਾਲ ਸਿੰਘ ਵਲੋਂ ਇਸ ਨੇਕ ਕਾਜ ਵਿੱਚ ਪਾਏ ਗਏ ਵੱਡੇਮੁੱਲੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ ਗਈ।