ਇਕ ਦਿਨ ਵਿੱਚ 50000 ਖੁਰਾਕਾਂ ਦੇਣ ਲਈ ਮੈਗਾ ਟੀਕਾਕਰਨ ਮੁਹਿੰਮ 3 ਜੁਲਾਈ ਨੂੰ

0
62

80 ਮੋਬਾਇਲ ਟੀਮਾਂ ਦੀ ਤਾਇਨਾਤੀ ਦੇ ਨਾਲ ਜ਼ਿਲ੍ਹੇ ਭਰ ਵਿੱਚ 140 ਸਥਾਨਾਂ ‘ਤੇ ਲਗਾਏ ਜਾਣਗੇ ਵਿਸ਼ੇਸ਼ ਕੈਂਪ : ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ
ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੂੰ ਰੋਕਣ ਲਈ ਲੋਕਾਂ ਨੂੰ ਕੋਵਿਡ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਕੀਤੀ ਅਪੀਲ

ਜਲੰਧਰ (ਰਮੇਸ਼ ਗਾਬਾ)
ਜਲੰਧਰ ਪ੍ਰਸ਼ਾਸਨ ਵੱਲੋਂ ਇਕ ਦਿਨ ਵਿੱਚ ਕੋਵਿਡ-19 ਵੈਕਸੀਨ ਦੀਆਂ 50000 ਖੁਰਾਕਾਂ ਦੇਣ ਲਈ ਸ਼ਨੀਵਾਰ (3 ਜੁਲਾਈ ਨੂੰ) ਮੈਗਾ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ 80 ਮੋਬਾਇਲ ਟੀਮਾਂ ਦੀ ਤਾਇਨਾਤੀ ਦੇ ਨਾਲ ਜ਼ਿਲ੍ਹੇ ਭਰ ਵਿਚ ਲਗਭਗ 140 ਸਥਾਨਾਂ ‘ਤੇ ਟੀਕਾਕਰਨ ਕੈਂਪ ਲਗਾਏ ਜਾਣਗੇ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਵੱਡੀ ਗਿਣਤੀ ਵਿੱਚ ਕੈਂਪ ਲਗਾਏ ਜਾ ਰਹੇ ਹਨ, ਜਿਥੇ ਯੋਗ ਲਾਭਪਾਤਰੀਆਂ ਨੂੰ ਲਗਭਗ 50000 ਖੁਰਾਕ ਦਿੱਤੀ ਜਾਵੇਗੀ, ਜਿਸ ਲਈ ਕੋਵਿਡ-19 ਵੈਕਸੀਨ ਦੀ ਨਵੀਂ ਖੇਪ ਜਲੰਧਰ ਪਹੁੰਚ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮੂਹ ਅਧਿਕਾਰੀਆਂ ਨੂੰ ਜ਼ਿਲ੍ਹੇ ਦੇ ਲਗਭਗ ਹਰ ਖੇਤਰ ਵਿੱਚ ਲਾਭਪਾਤਰੀਆਂ ਦੀ ਵੱਧ ਤੋਂ ਵੱਧ ਕਵਰੇਜ ਲਈ ਟੀਕਾਕਰਨ ਕੈਂਪ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਵੈਕਸੀਨ ਆਮ ਹਾਲਾਤ ਵੱਲ ਪਰਤਣ ਦਾ ਇਕ ਮਾਤਰ ਤਰੀਕਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੰਭਾਵੀ ਤੀਜੀ ਲਹਿਰ ਦੇ ਆਉਣ ਤੋਂ ਪਹਿਲਾਂ ਹਰੇਕ ਯੋਗ ਲਾਭਾਪਤਰੀ ਦੇ ਟੀਕਾਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਵੱਲੋਂ ਪਹਿਲਾਂ ਹੀ ਲੋਕਾਂ ਨੂੰ ਵੈਕਸੀਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਵਾਇਰਸ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਹਰੇਕ ਦਾ ਟੀਕਾਕਰਨ ਕੀਤਾ ਜਾ ਸਕੇ।
ਸ਼੍ਰੀ ਥੋਰੀ ਨੇ ਇਨ੍ਹਾਂ ਕੈਂਪਾਂ ਨੂੰ ਵੱਡੇ ਪੱਧਰ ‘ਤੇ ਸਫ਼ਲ ਬਣਾਉਣ ਲਈ ਲੋਕਾਂ ਨੂੰ ਇਨ੍ਹਾਂ ਕੈਂਪਾਂ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਮੁਹਿੰਮ ਨੂੰ ਕਾਮਯਾਬ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਵਾਇਰਸ ਅਜੇ ਵੀ ਸਾਡੇ ਵਿਚਕਾਰ ਹੈ, ਜਿਸ ਲਈ ਸਾਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾਈ ਰੱਖਣ ਅਤੇ ਹੱਥਾਂ ਦੀ ਸਫਾਈ ਸਮੇਤ ਕੋਵਿਡ-19 ਸਬੰਧੀ ਢੁੱਕਵੇਂ ਵਿਵਹਾਰ ਦੀ ਪਾਲਣਾ ਨੂੰ ਜਾਰੀ ਰੱਖਣ ਲਈ ਵੀ ਕਿਹਾ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਵਲ ਸਰਜਨ ਡਾ. ਬਲਵੰਤ ਸਿੰਘ, ਡੀ.ਆਈ.ਓ. ਰਾਕੇਸ਼ ਚੋਪੜਾ, ਐਸ.ਡੀ.ਐਮ. ਜੈ ਇੰਦਰ ਸਿੰਘ ਅਤੇ ਹੋਰ ਵੀ ਮੌਜੂਦ ਸਨ।