ਬਿਜਲੀ ਸਪਲਾਈ ਪੂਰੀ ਨਾ ਮਿਲਣ ਦੇ ਰੋਸ ਵਜੋਂ ਕਿਸਾਨ ਜਾਮ ਕਰਨਗੇ ਹਾਈਵੇ : ਰਾਜੇਵਾਲ

0
70

ਜਲੰਧਰ (ਹਰਪ੍ਰੀਤ ਕਾਹਲੋਂ) ਝੋਨੇ ਦੀ ਬਿਜਾਈ ਦੌਰਾਨ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਵਾਅਦੇ ‘ਚ ਸਰਕਾਰ ਤੇ ਪਾਵਰਕਾਮ ਦੇ ਨਾਕਾਮ ਰਹਿਣ ‘ਤੇ ਰੋਸ ਵਜੋਂ ਪਿੰਡਾਂ ਦੇ ਕਿਸਾਨ ਮੈਕਡੋਨਲ ਨੇੜੇ ਜਲੰਧਰ-ਲੁਧਿਆਣਾ ਹਾਈਵੇ ਜਾਮ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਸਮਰਾ ਨੇ ਦੱਸਿਆ ਕਿ ਝੋਨੇ ਦੀ ਲਵਾਈ ਦੌਰਾਨ ਬਿਜਲੀ ਸਪਲਾਈ 8 ਘੰਟੇ ਨਾ ਮਿਲਣ ਤੇ 4-5 ਘੰਟੇ ਦੇ ਕੱਟ ਲੱਗਣ ਕਰ ਕੇ ਕਿਸਾਨ ਪਰੇਸ਼ਾਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਹ ਲੱਗਦਾ ਹੈ ਕਿ ਪੰਜਾਬ ਸਰਕਾਰ ਵੀ ਕੇਂਦਰ ਦੀ ਮੋਦੀ ਸਰਕਾਰ ਨਾਲ ਰਲੀ ਹੋਈ ਹੈ ਅਤੇ ਕਿਸਾਨਾਂ ਦੇ ਚੱਲ ਰਹੇ ਧਰਨੇ ਨੂੰ ਖਰਾਬ ਕਰਨ ਲਈ ਜਾਣ-ਬੁੱਝ ਕੇ ਬਿਜਲੀ ਸਪਲਾਈ ਨਹੀਂ ਦੇ ਰਹੀ ਤੇ ਬਿਜਲੀ ਨਾਲ ਸਬੰਧਤ ਹੋਰ ਸ਼ਿਕਾਇਤਾਂ ਦਾ ਵੀ ਨਿਬੇੜਾ ਨਹੀਂ ਕਰ ਰਹੀ। ਪਾਵਰਕਾਮ ਦੇ ਅਧਿਕਾਰੀ ਕਿਸਾਨਾਂ ਦੇ ਫੋਨ ਚੁੱਕਣ ਤੋਂ ਭੱਜ ਰਹੇ ਹਨ, ਜੇ ਚੁੱਕਦੇ ਵੀ ਹਨ ਤਾਂ ਸਹੀ ਜਵਾਬ ਨਹੀਂ ਮਿਲ ਰਿਹਾ। ਇਸ ਲਈ ਤੰਗ ਆ ਚੁੱਕੇ ਕਿਸਾਨਾਂ ਨੇ ਪਾਵਰਕਾਮ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਦੋ ਦਿਨਾਂ ਅੰਦਰ ਪੂਰੀ 8 ਘੰਟੇ ਬਿਜਲੀ ਸਪਲਾਈ ਨਾ ਮਿਲੀ ਤਾਂ 2 ਜੁਲਾਈ ਨੂੰ ਹਾਈਵੇ ਜਾਮ ਕੀਤਾ ਜਾਵੇਗਾ। ਇਸ ਮੌਕੇ ਜਥੇਦਾਰ ਕਸ਼ਮੀਰ ਸਿੰਘ, ਜ਼ਿਲ੍ਹਾ ਯੂਥ ਪ੍ਰਧਾਨ ਅਮਰਜੋਤ ਸਿੰਘ ਜੋਤੀ, ਬਲਵੀਰ ਸਿੰਘ, ਹੈਪੀ ਸਰਪੰਚ ਕੰਗਣੀਵਾਲ, ਅਮਰਜੀਤ ਸਿੰਘ, ਜਸਵਿੰਦਰ ਸਿੰਘ, ਜਰਨੈਲ ਸਿੰਘ, ਪਵਨ ਉੱਪਲ, ਸੁਖਦੇਵ ਸਿੰਘ ਤੇ ਹੋਰ ਹਾਜ਼ਰ ਸਨ।