ਡੀ.ਬੀ.ਈ.ਈ. ਜਲੰਧਰ ਸਦਕਾ ਸ਼ੁਭਮ ਯਾਦਵ ਦੀ ਬੈਂਕ ਵਿੱਚ ਸੀਨੀਅਰ ਅਫ਼ਸਰ ਵਜੋਂ ਹੋਈ ਚੋਣ

0
43

ਜਲੰਧਰ (ਰਮੇਸ਼ ਗਾਬਾ)
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.), ਜਲੰਧਰ ਵੱਲੋਂ ਪੰਜਾਬ ਸਰਕਾਰ ਦੇ ‘ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ’ ਤਹਿਤ ਬੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਅਤੇ ਸਵੈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਿੱਚ ਅਹਿਮ ਭੁਮਿਕਾ ਨਿਭਾਈ ਜਾ ਰਹੀ ਹੈ, ਖਾਸ ਕਰਕੇ ਕੋਵਿਡ-19 ਮਹਾਂਮਾਰੀ ਦੇ ਦੌਰ ਵਿੱਚ ਬਿਊਰੋ ਵੱਲੋਂ ਬੇਰੋਜ਼ਗਾਰ ਲੜਕੇ-ਲੜਕੀਆਂ ਨੂੰ ਨੌਕਰੀਆਂ ਦੇ ਅਵਸਰ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਹੋਣ ਵਿੱਚ ਮਦਦ ਕੀਤੀ ਜਾ ਰਹੀ ਹੈ।
ਇਸੇ ਯੋਜਨਾ ਅਧੀਨ ਡੀ.ਬੀ.ਈ.ਈ., ਜਲੰਧਰ ਦੇ ਯਤਨਾਂ ਸਦਕਾ ਸ਼ੁਭਮ ਯਾਦਵ ਪੁੱਤਰ ਫਕੀਰ ਚੰਦ ਵਾਸੀ ਜਲੰਧਰ ਨੂੰ ਆਈ.ਸੀ.ਆਈ.ਸੀ.ਆਈ. ਬੈਂਕ ਵਿੱਚ ਸੀਨੀਅਰ ਅਫ਼ਸਰ ਵਜੋਂ ਨੌਕਰੀ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ।
ਸ਼ੁਭਮ ਯਾਦਵ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਆਪਣੀ ਗ੍ਰੈਜੂਏਸ਼ਨ ਮੁਕੰਮਲ ਕਰਨ ਤੋਂ ਬਾਅਦ ਉਸ ਨੇ ਕਾਫੀ ਸਮਾਂ ਚੰਗੀ ਨੌਕਰੀ ਦੀ ਤਲਾਸ਼ ਕੀਤੀ ਪਰ ਕਿਤੇ ਵੀ ਕੋਈ ਵਧੀਆ ਨੌਕਰੀ ਨਹੀਂ ਮਿਲੀ, ਜਿਸ ਕਰਕੇ ਉਸ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਹੁੰਚ ਕੀਤੀ ਗਈ, ਜਿਥੇ ਉਸ ਨੂੰ ਉਸ ਦੀ ਯੋਗਤਾ ਦੇ ਅਨੁਸਾਰ ਨੌਕਰੀ ਦੇ ਕਈ ਮੌਕੇ ਪ੍ਰਦਾਨ ਕੀਤੇ ਗਏ।
ਸ਼ੁਭਮ ਨੇ ਦੱਸਿਆ ਕਿ ਪਲੇਸਮੈਂਟ ਅਫ਼ਸਰ ਵੱਲੋਂ ਜਾਣਕਾਰੀ ਦੇਣ ‘ਤੇ ਉਸ ਵੱਲੋਂ ਆਈ.ਸੀ.ਆਈ.ਸੀ.ਆਈ. ਬੈਂਕ ਦਾ ਵੈਬੀਨਾਰ ਅਟੈਂਡ ਕੀਤਾ ਗਿਆ, ਜਿਸ ਵਿੱਚ ਸੀਨੀਅਰ ਅਫ਼ਸਰ ਦੀ ਪ੍ਰੋਫਾਈਲ ਬਾਰੇ ਜਾਣਕਾਰੀ ਦਿੱਤੀ ਗਈ । ਉਸ ਨੇ ਦੱਸਿਆ ਕਿ ਉਸ ਵੱਲੋਂ ਇਸ ਅਹੁਦੇ ਲਈ ਇੰਟਰਵਿਊ ਦਿੱਤੀ ਗਈ, ਜਿਸ ਤੋਂ ਬਾਅਦ ਬੈਂਕ ਨੇ 2.40 ਲੱਖ ਸਾਲਾਨਾ ਤਨਖਾਹ ‘ਤੇ ਉਸ ਦੀ ਸੀਨੀਅਰ ਅਫ਼ਸਰ ਦੇ ਅਹੁਦੇ ਲਈ ਚੋਣ ਕਰ ਲਈ ।
ਚੋਣ ਤੋਂ ਬਾਅਦ ਸ਼ੁਭਮ ਯਾਦਵ ਨੇ ਡੀ.ਬੀ.ਈ.ਈ., ਜਲੰਧਰ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਸਮੂਹ ਬੇਰੋਜ਼ਗਾਰ ਨੌਜਵਾਨਾਂ ਨੂੰ ਸਵੈ ਨਿਰਭਰ ਬਣਨ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਜਲੰਧਰ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਅਤੇ ਆਪਣੇ ਭਵਿੱਖ ਨੂੰ ਸੰਵਾਰਨ ਲਈ ਬਿਊਰੋ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ।