ਬਾਘਾਪੁਰਾਣਾ ਵਿੱਚ ਲਗਾਇਆ ਦੁੱਧ ਪਰਖ ਅਤੇ ਜਾਗਰੂਕਤਾ ਕੈਂਪ

0
51

ਆਪਣੇ ਮੁਹੱਲੇ ਵਿੱਚ ਕੈਂਪ ਲਗਾਉਣ ਲਈ ਡੇਅਰੀ ਕੇਂਦਰ ਗਿੱਲ ਵਿੱਚ ਕਰੋ ਸੰਪਰਕ-ਹਰਪਾਲ ਸਿੰਘ

ਮੋਗਾ (TLT) ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ ਵੱਲੋਂ ਪੂਰੇ ਪੰਜਾਬ ਵਿੱਚ ”ਮਿਸ਼ਨ ਤੰਦਰੁਸਤ ਪੰਜਾਬ” ਰਾਹੀਂ ਸ਼ਹਿਰੀ ਖੇਤਰਾਂ ਵਿੱਚ ਦੁੱਧ ਦੀ ਗੁਣਵੱਤਾ ਅਤੇ ਉਸ ਵਿੱਚ ਪਾਈਆਂ ਜਾਣ ਵਾਲੀਆਂ ਮਿਲਾਵਟਾਂ ਸੰਬੰਧੀ ਜਾਗਰੂਕ ਕਰਨ ਲਈ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਲਗਾਤਾਰ ਸ਼ਹਿਰਾਂ ਵਿੱਚ ਵੱਖ ਵੱਖ ਥਾਵਾਂ ਤੇ ਜਾ ਕੇ ਦੁੱਧ ਜਾਗਰੂਕਤਾ ਅਤੇ ਪਰਖ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ ਤਾਂ ਕਿ ਲੋਕਾਂ ਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਸ਼ੁੱਧਤਾ ਬਾਰੇ ਜਾਣਕਾਰੀ ਮਿਲ ਸਕੇ। ਇਸ ਮੁਹਿੰਮ ਤਹਿਤ ਡਿਪਟੀ ਡਾਇਰੈਕਟਰ ਸ੍ਰ. ਹਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਮੁਗਲੂ ਪੱਤੀ, ਬਾਘਾਪੁਰਾਣਾ ਵਿਖੇ ਦੁੱਧ ਖਪਤਕਾਰ ਕੈਂਪ ਲਗਾਇਆ ਗਿਆ।ਕੈਂਪ ਵਿੱਚ ਦੁੱਧ ਖਪਤਕਾਰਾਂ ਨੂੰ ਸੰਬੋਧਨ ਕਰਦਿਆਂ  ਡਿਪਟੀ ਡਾਇਰੈਕਟਰ ਮੋਗਾ ਸ੍ਰ. ਹਰਪਾਲ ਸਿੰਘ ਨੇ ਦੱਸਿਆ ਕਿ ਦੁੱਧ ਖਪਤਕਾਰਾਂ ਨੂੰ ਉਨ੍ਹਾਂ  ਵੱਲੋਂ ਵਰਤੇ ਜਾਣ ਵਾਲੇ ਦੁੱਧ ਦੀ ਗੁਣਵੱਤਾ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ। ਇਸ ਕੈਂਪ ਵਿੱਚ ਹਾਜ਼ਰ ਡਿਪਟੀ ਡਾਇਰੈਕਟਰ ਡੇਅਰੀ (ਈ.ਐਸ) ਬੀਰਪ੍ਰਤਾਪ ਸਿੰਘ ਗਿੱਲ, ਗੁਰਲਾਲ ਸਿੰਘ ਡੀ.ਟੀ. , ਜਸਵਿੰਦਰ ਸਿੰਘ ਮੋਬਾਇਲ ਇੰਚਾਰਜ ਅਤੇ ਦਰਸ਼ਪ੍ਰੀਤ ਸਿੰਘ ਸਾਰੀ ਟੀਮ ਵੱਲੋ ਮੌਕੇ ਤੇ ਹੀ ਦੁੱਧ ਦੀ ਫੈਟ, ਐਸ.ਐਨ.ਐਫ, ਪਾਣੀ ਦੀ ਮਾਤਰਾ ਤੋਂ ਇਲਾਵਾ 8 ਸੈਂਪਲ ਯੂਰੀਆ ਟੈਸਟ, 4 ਸੈਂਪਲ ਸਟਾਰਚ ਟੈਸਟ, 5 ਸੈਂਪਲ ਸੂਗਰ ਟੈਸਟ ਅਤੇ 6 ਸੈਂਪਲ ਨਿਊਟਰਾਲਾਈਜ਼ਰ ਟੈਸਟ ਕਰਕੇ ਖਪਤਕਾਰਾ ਨੂੰ ਮੌਕੇ ਤੇ ਹੀ ਰਿਪੋਰਟ ਮਹੁੱਈਆ ਕਰਵਾਈ ਗਈ।ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਘਰਾਂ ਵਿੱਚ ਵਰਤੇ ਜਾਣ ਵਾਲੇ ਦੁੱਧ ਦੇ 23 ਸੈਂਪਲ ਚੈਕ ਕੀਤੇ ਗਏ ਜਿਨ੍ਹਾਂ ਵਿੱਚ 17 ਸੈਂਪਲ ਮਿਆਰਾ ਅਨੁਸਾਰ, 6 ਸੈਂਪਲਾਂ ਵਿੱਚ ਪਾਣੀ ਦੀ ਵੱਧ ਮਾਤਰਾ ਪਾਈ ਗਈ। ਉਨ੍ਹਾਂ ਕਿਹਾ ਕਿ ਕਿਸੇ ਵੀ ਸੈਂਪਲ ਵਿੱਚ ਹਾਨੀਕਾਰਕ ਤੱਤ ਨਹੀਂ ਪਾਇਆ ਗਿਆ।ਕੈਂਪ ਵਿੱਚ ਹਾਜ਼ਰ ਡਿਪਟੀ ਡਾਇਰੈਕਟਰ ਡੇਅਰੀ ਬੀਰਪ੍ਰਤਾਪ ਸਿੰਘ ਗਿੱਲ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਦੇ ਸ਼ਹਿਰੀ ਲੋਕ ਇਨ੍ਹਾਂ ਕੈਂਪਾ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ। ਆਪਣੇ ਮੁਹੱਲੇ ਵਿੱਚ ਕੈਂਪ ਲਗਾਉਣ ਲਈ ਉਹ ਡਿਪਟੀ ਡਾਇਰੈਕਟਰ ਡੇਅਰੀ ਮੋਗਾ ਐਟ ਗਿੱਲ ਦੇ ਦਫਤਰ ਵਿੱਚ ਸੰਪਰਕ ਕਰ ਸਕਦੇ ਹਨ ਅਤੇ ਸਾਡੀ ਵਿਭਾਗ ਦੀ ਟੀਮ ਵੱਲੋਂ ਮੁਫਤ ਦੁੱਧ ਪਰਖ ਕੈਂਪ ਲਗਾਇਆ ਜਾਵੇਗਾ।