ਇਤਿਹਾਸਕ ਪ੍ਰਾਪਤੀ, ਜ਼ਿਲ੍ਹਾ ਲੁਧਿਆਣਾ ਦੇ ਵਸਨੀਕਾਂ ਨੇ ਲਈਆਂ 10 ਲੱਖ ਕੋਵਿਡ ਵੈਕਸੀਨ ਦੀਆਂ ਖੁਰਾਕਾਂ

0
53

ਵਿਧਾਇਕ, ਡੀ.ਸੀ. ਤੇ ਕੌਂਸਲਰ ਮਮਤਾ ਆਸ਼ੂ ਵੱਲੋਂ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਨੂੰ ਇਸ ਬੇਮਿਸਾਲ ਪ੍ਰਾਪਤੀ ਲਈ ਦਿੱਤੀ ਮੁਬਾਰਕਵਾਦ
ਐਮ.ਸੀ, ਸਰਪੰਚ ਅਤੇ ਹੋਰਾਂ ਨੂੰ ਅੱਗੇ ਆ ਕੇ ਲੋਕਾਂ ਨੂੰ ਜਲਦ ਟੀਕਾ ਲਗਵਾਉਣ ਲਈ ਪ੍ਰੇਰਿਤ ਕਰਨ ਦੀ ਕੀਤੀ ਅਪੀਲ

ਲੁਧਿਆਣਾ (TLT) ਸ਼ਨੀਵਾਰ ਨੂੰ ਇਕ ਇਤਿਹਾਸਕ ਪ੍ਰਾਪਤੀ ਕਰਦਿਆਂ, ਜ਼ਿਲ੍ਹਾ ਲੁਧਿਆਣਾ ਦੇ ਵਸਨੀਕਾਂ ਨੂੰ ਕੋਵਿਡ ਵੈਕਸੀਨ ਦੀਆਂ 10 ਲੱਖ ਖੁਰਾਕਾਂ ਦਿੱਤੀਆਂ, ਇਹ ਇਕ ਟੀਚਾ ਸੀ ਜੋ ਪੰਜ ਮਹੀਨਿਆਂ ਵਿਚ ਪ੍ਰਾਪਤ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਲੁਧਿਆਣਾ ਇਹ ਮਾਣ ਹਾਸਲ ਕਰਨ ਵਾਲਾ ਪੰਜਾਬ ਸੂਬੇ ਦਾ ਪਹਿਲਾ ਜ਼ਿਲ੍ਹਾ ਵੀ ਬਣਿਆ।

ਲੁਧਿਆਣਾ ਵਿੱਚ 16 ਜਨਵਰੀ, 2021 ਤੋਂ ਸ਼ੁਰੂ ਕੀਤੀ ਗਈ ਟੀਕਾਕਰਨ ਮੁਹਿੰਮ ਵਿੱਚ ਲੱਗੇ ਡਾਕਟਰਾਂ, ਪੈਰਾ ਮੈਡੀਕਲ ਸਟਾਫ, ਐਨ.ਜੀ.ਓਜ਼ ਅਤੇ ਹੋਰ ਸਾਰੇ ਭਾਗੀਦਾਰਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਵਿਧਾਇਕ ਸੁਰਿੰਦਰ ਡਾਵਰ, ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਅਤੇ ਨਿਗਮ ਕੌਂਸਲਰ ਮਮਤਾ ਆਸ਼ੂ ਨੇ ਵਿਸ਼ੇਸ਼ ਤੌਰ ‘ਤੇ ਸਿਵਲ ਹਸਪਤਾਲ ਪਹੁੰਚ ਕੇ ਇਸ ਬੇਮਿਸਾਲ ਪ੍ਰਾਪਤੀ ਲਈ ਉਨ੍ਹਾਂ ਨੂੰ ਵਧਾਈ ਦਿੱਤੀ।

ਉਨ੍ਹਾਂ ਕਿਹਾ ਕਿ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੇ ਕੜਾਕੇ ਦੀ ਠੰਡ ਅਤੇ ਪ੍ਰਚੰਡ ਗਰਮੀ ਦੀ ਕੋਈ ਪ੍ਰਵਾਹ ਨਹੀਂ ਕੀਤੀ ਹੈ ਅਤੇ ਜ਼ਿਲ੍ਹੇ ਦੇ ਕੋਨੇ-ਕੋਨੇ ਤੱਕ ਪਹੁੰਚ ਕੇ ਲੋਕਾਂ ਨੂੰ ਵੈਕਸੀਨੇਸ਼ਨ ਦੇਣ ਵਿਚ ਸਭ ਤੋਂ ਅੱਗੇ ਹਨ।

ਉਨ੍ਹਾਂ ਕਿਹਾ ਕਿ ਇਹ ਇਕ ਸ਼ਾਨਦਾਰ ਮੁਕਾਮ ਹੈ ਜੋ ਸਿਰਫ ਲੁਧਿਆਣਾ ਦੇ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਕਰਕੇ ਪ੍ਰਾਪਤ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਪ੍ਰਸ਼ਾਸਨ ਨੇ ਹੁਣ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ ਕਿਉਂਕਿ ਅਸੀਂ ਅਗਲੇ ਦੋ ਮਹੀਨਿਆਂ ਵਿੱਚ ਅਗਲੀਆਂ 10 ਲੱਖ ਖੁਰਾਕਾਂ ਦੇਣ ਲਈ ਵਚਨਵੱਧ ਹਾਂ। ਉਨ੍ਹਾਂ ਕਿਹਾ ਕਿ ਅਜੇ ਵੀ, ਪ੍ਰਸ਼ਾਸਨ ਕੋਲ 55000 ਕੋਵਿਡ ਟੀਕਿਆਂ ਦਾ ਸਟਾਕ ਹੈ ਅਤੇ ਹਰ ਯੋਗ ਵਿਅਕਤੀ ਤੱਕ ਲਾਜ਼ਮੀ ਤੌਰ ‘ਤੇ ਪਹੁੰਚਣਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਜਿੰਨਾਂ ਜਲਦ ਹੋ ਸਕੇ ਕਵਰ ਕੀਤਾ ਜਾ ਸਕੇ।

ਸ਼ਰਮਾ ਨੇ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਵੈਕਸੀਨ ਦੀ ਕਾਰਜਕੁਸ਼ਲਤਾ ‘ਤੇੇ ਸ਼ੱਕ ਨਹੀਂ ਕਰਨਾ ਚਾਹੀਦਾ ਕਿਉਂਕਿ ਕੋਵਿਸ਼ਿਲਡ ਅਤੇ ਕੋਵੈਕਸਿਨ ਦੋਵੇਂ ਸਭ ਤੋਂ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਹਨ ਅਤੇ ਕੀਮਤੀ ਜਾਨਾਂ ਬਚਾਉਣ ਵਿਚ ਸਹਾਇਤਾ ਕਰਨਗੀਆਂ।

ਇੱਕ ਉਦਾਹਰਣ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਜਿਵੇਂ ਕਿ ਟੈਲੀਵਿਜ਼ਨ ਬਾਜ਼ਾਰ ਵਿੱਚ ਵੱਖ ਵੱਖ ਬ੍ਰਾਂਡਾਂ ਵਿੱਚ ਆਉਂਦੇ ਹਨ ਪਰ ਉਹ ਇੱਕੋ ਜਿਹੇ ਸ਼ੋਅ/ਮੈਚ ਜਾਂ ਫਿਲਮਾਂ ਦਾ ਪ੍ਰਸਾਰਣ ਕਰਦੇ ਹਨ ਅਤੇ ਇਸੇ ਤਰਾਂ ਦੋਵਾਂ ਟੀਕਿਆਂ ਦਾ ਇੱਕੋ-ਇੱਕ ਮੰਤਵ ਹੈ ਲੋਕਾਂ ਨੂੰ ਜਾਨਲੇਵਾ ਬਿਮਾਰੀ ਤੋਂ ਬਚਾਉਣਾ।

ਉਨ੍ਹਾਂ ਕਿਹਾ ਕਿ ਮਾਹਰਾਂ ਅਨੁਸਾਰ ਲੋਕਾਂ ਦੀ ਇਮਿਊਨਿਟੀ ਵਧਾਉਣ ਨਾਲ ਤੀਜੀ ਲਹਿਰ ਨੂੰ ਰੋਕਿਆ ਜਾ ਸਕਦਾ ਹੈ ਅਤੇ ਇਹ ਟੀਕਾਕਰਣ ਮੁਹਿੰਮ ਰਾਹੀਂ ਸਾਰੇ ਲਾਭਪਾਤਰੀਆਂ ਦੀ ਤੇਜ਼ੀ ਨਾਲ ਕਵਰੇਜ ਨਾਲ ਹੀ ਸੰਭਵ ਹੋ ਸਕਦਾ ਹੈ।

ਇਸ ਮੌਕੇ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਨੇ ਹਰ ਐਮ.ਸੀ, ਸਰਪੰਚ ਅਤੇ ਰੈਜੀਡੈਂਟ ਵੈਲਫੇਅਰ ਕਮੇਟੀਆਂ ਨੂੰ ਅੱਗੇ ਆ ਕੇ ਲੋਕਾਂ ਨੂੰ ਜਲਦ ਤੋਂ ਜਲਦ ਟੀਕਾ ਲਗਵਾਉਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਅਗਲਾ ਟੀਚਾ ਹਰ ਲਾਭਪਾਤਰੀ ਨੂੰ ਤੀਜੀ ਲਹਿਰ ਦੇ ਆਉਣ ਤੋਂ ਪਹਿਲਾਂ ਕਵਰ ਕਰਨਾ ਹੈ ਕਿਉਂਕਿ ਰਿਪੋਰਟਾਂ ਦੱਸਦੀਆਂ ਹਨ ਕਿ ਇਹ ਕੁਝ ਵਿਦੇਸ਼ੀ ਮੁਲਕਾਂ ਵਿੱਚ ਵੀ ਸਾਹਮਣੇ ਆਇਆ ਹੈ।

ਇਸ ਮੌਕੇ ਨਿਗਮ ਕੌਂਸਲਰ ਸੰਨੀ ਭੱਲਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਦੀਪ ਕੁਮਾਰ, ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਸ. ਹਰਜਿੰਦਰ ਸਿੰਘ, ਸਿਵਲ ਸਰਜਨ ਡਾ. ਕਿਰਨ ਗਿੱਲ, ਡਾ.ਬਿਸ਼ਵ ਮੋਹਨ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।