ਸ਼੍ਰੋਮਣੀ ਅਕਾਲੀ ਦਲ-ਬਸਪਾ ਨੇ ਦਲਿਤ ਭਾਈਚਾਰੇ ਖਿਲਾਫ ਜਾਤੀਸੂਚਕ ਟਿੱਪਣੀਆਂ ਲਈ ਰਵਨੀਤ ਬਿੱਟੂ ਦੀ ਗ੍ਰਿਫਤਾਰੀ ਮੰਗੀ

0
62

ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਬਿੱਟੂ ਖਿਲਾਫ ਸ਼ਿਕਾਇਤ ਸੌਂਪੀ
ਲੁਧਿਆਣਾ (TLT) ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਅੱਜ ਸਥਾਨਕ ਐਮ ਪੀ ਰਵਨੀਤ ਬਿੱਟੂ ਵੱਲੋਂ ਦਲਿਤ ਭਾਈਚਾਰੇ ਖਿਲਾਫ ਜਾਤੀਸੂਚਕ ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ’ਤੇ ਉਹਨਾਂ ਖਿਲਾਫ ਕੇਸ ਦਰਜ ਕਰ ਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਦੀ ਸ਼ਿਕਾਇਤ ਸੌਂਪੀ।
ਇਹ ਸ਼ਿਕਾਇਤ ਅਕਾਲੀ ਦਲ ਤੇ ਬਸਪਾ ਦੇ ਵਫਦ ਨੇ ਪੁਲਿਸ ਕਮਿਸ਼ਨਰ ਨੂੰ ਸੌਂਪੀ।
ਇਸ ਬਾਰੇ ਵੇਰਵੇ ਸਾਂਝੇ ਕਰਦਿਆਂ ਸੀਨੀਅਰ ਆਗੂ ਚਰਨਜੀਤ ਸਿੰਘ ਅਟਵਾਲ ਤੇ ਗੁਲਜ਼ਾਰ ਸਿੰਘ ਰਣੀਕੇ ਨੇ ਦੱਸਿਆ ਕਿ ਵਫਦ ਨੇ ਮੰਗ ਕੀਤੀ ਕਿ ਐਸ ਸੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਲਈ ਰਵਨੀਤ ਬਿੱਟੂ ਦੇ ਖਿਲਾਫ ਧਾਰਾ 295 ਏ ਤਹਿਤ ਕੇਸ ਦਰਜ ਕੀਤਾ ਜਾਵੇ। ਉਹਨਾਂ ਕਿਹਾ ਕਿ ਵਫਦ ਨੇ ਕਮਿਸ਼ਨ ਦੇ ਧਿਆਨ ਵਿਚ ਲਿਆਂਦਾ ਕਿ ਬਿੱਟੂ ਦੇ ਖਿਲਾਫ ਪਹਿਲਾਂ ਹੀ ਠੋਸ ਸਬੂਤ ਮੌਜੂਦ ਹੈ ਜੋ ਜਨਤਾ ਦੇ ਵਿਚਾਰ ਹੈ ਅਤੇ ਪੁਲਿਸ ਨੂੰ ਉਸਦਾ ਸਿਰਫ ਇਸ ਕਰ ਕੇ ਬਚਾਅ ਨਹੀਂ ਕਰਨਾ ਚਾਹੀਦਾ ਕਿ ਉਹ ਕਾਂਗਰਸ ਪਾਰਟੀ ਦਾ ਹੈ।
ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਹ ਸਪਸ਼ਟ ਹੈ ਕਿ ਬਿੱਟੂ ਨੇ ਜਾਣ ਬੁੱਝ ਕੇ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਵਾਸਤੇ ਦਲਿਤ ਭਾਈਚਾਰੇ ’ਤੇ ਚਿੱਕੜ ਉਛਾਲਿਆ ਤੇ ਪੁੱਛਿਆ ਕਿ ਆਨੰਦਪੁਰ ਸਾਹਿਬ ਤੇ ਚਮਕੌਰ ਸਾਹਿਬ ਦੀਆਂ ਪਵਿੱਤਰ ਸੀਟਾਂ ਅਕਾਲੀ ਦਲ ਨੇ ਗਠਜੋੜ ਤਹਿਤ ਬਸਪਾ ਨੂੰ ਕਿਉਂ ਦੇ ਦਿੱਤੀਆਂ ਹਨ। ਉਹਨਾਂ ਕਿਹਾ ਕਿ ਬਿੱਟੂ ਨੇ ਇਸਤਰੀਕੇ ਇਹ ਕਿਹਾ ਹੈ ਕਿ ਪਵਿੱਤਰ ਸੀਟਾਂ ਅਪਵਿੱਤਰ ਲੋਕਾਂ ਨੂੰ ਦੇ ਦਿੱਤੀਆਂ ਹਨ। ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਤੇ ਇਹ ਸੰਵਿਧਾਨ ਦੇ ਖਿਲਾਫ ਹੈ ਕਿਉਂਕਿ ਸੰਵਿਧਾਨ ਵਿਚ ਸਮਾਨਤਾ ਦੀ ਗਰੰਟੀ ਦਿੱਤੀ ਹੈ ਤੇ ਇਹ ਸਿੱਖ ਧਰਮ, ਫਲਸਫੇ ਤੇ ਸਭਿਆਚਾਰ ਦੇ ਵੀ ਉਲਟ ਹੈ।
ਡਾ. ਚੀਮਾ ਨੇ ਕਿਹਾ ਕਿ ਬਿੱਟੂ ਨੇ ਆਨੰਦਪੁਰ ਸਾਹਿਬ ਹਲਕੇ ਦੀ ਐਮ ਪੀ ਵਜੋਂ ਨੁਮਾਇੰਦੀ ਕੀਤੀ ਹੈ ਤੇ ਉਹ ਇਲਾਕੇ ਦੇ ਇਤਿਹਾਸ ਤੋਂ ਜਾਣੂ ਹਨ। ਉਹਨਾਂ ਕਿਹਾ ਕਿ ਉਹ ਜਾਣਦੇ ਹਨ ਕਿ ਆਨੰਦਪੁਰ ਸਾਹਿਬ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦਬੇ ਕੁਚਲੇ ਵਰਗ ਤੋਂ ਲੋਕਾਂ ਨੂੰ ਚੁਣ ਕੇ ਇਕ ਜਾਤੀਰਹਿਤ ਤੇ ਵਰਗਸਹਿਤ ਸਮਾਜ ਦੀ ਸਿਰਜਣਾ ਕੀਤੀ। ਆਨੰਦਪੁਰ ਸਾਹਿਬ ਵਿਖੇ ਹੀ ਗੁਰੂ ਸਾਹਿਬ ਨੇ ਉਦੋਂ ਰੰਘਰੇਟੇ ਗੁਰੂ ਕੇ ਬੇਟੇ ਉਚਾਰਿਆ ਜਦੋਂ ਭਾਈ ਜੈਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਉਹਨਾਂ ਕੋਲ ਲੈ ਕੇ ਆਏ ਸਨ। ਬਿੱਟੂ ਇਹ ਵੀ ਜਾਣਦਾ ਹੈ ਕਿ ਇਹ ਚਮਕੌਰ ਸਾਹਿਬ ਹੈ ਜਿਥੇ ਗੁਰੂ ਸਾਹਿਬ ਨੇ ਆਪਣੀ ਕਲਗੀ ਦਲਿਤ ਭਾਈਚਾਰੇ ਨੂੰ ਦਿੱਤੀ ਸੀ। ਉਹਨਾਂ ਕਿਹਾ ਕਿ ਇਹਨਾਂ ਤੱਥਾਂ ਦੀ ਰੋਸ਼ਨੀ ਵਿਚ ਸਪਟ ਹੈ ਕਿ ਬਿੱਟੂ ਨੇ ਜਾਣ ਬੁੱਝ ਕੇ ਦਲਿਤ ਭਾਈਚਾਰੇ ਦਾ ਅਪਮਾਨ ਕੀਤਾ।
ਬਸਪਾ ਆਗੂਆਂ ਗੁਰਮੇਲ ਸਿੰਘ ਜੀ ਕੇ ਤੇ ਜੀਤ ਰਾਮ ਬਸਰਾ ਨੇ ਰਵਨੀਤ ਬਿੱਟੂ ਦੇ ਸ਼ਰਮਨਾਕ ਕਾਰੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਐਮ ਪੀ ਅਜਿਹੇ ਭੜਕਾਊ ਬਿਆਨਾਂ ਨਾਲ ਸੂਬੇ ਦਾ ਮਾਹੌਲ ਖਰਾਬ ਕਰ ਰਹੇ ਹਨ। ਉਹਨਾਂ ਕਿਹਾ ਕਿ ਹੈਰਾਨੀ ਵਾਲੀਗੱਲ ਹੈ ਕਿ ਕਾਂਗਰਸ ਸਰਕਾਰ ਇਸ ਮਾਮਲੇ ਵਿਚ ਆਪਣਾ ਪੈਰ ਪਿੱਛੇ ਖਿੱਚ ਰਹੀ ਹੈ ਤੇ ਹਾਲੇ ਤੱਕ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ। ਇਹਨਾਂ ਆਗੂਆਂ ਨੈ ਕਿਹਾ ਕਿ ਜੇਕਰ ਬਿੱਟੂ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ ਤੇ ਉਸਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਅਕਾਲੀ ਦਲ ਤੇ ਬਸਪਾ ਨਿਆਂ ਲੈਣ ਵਾਸਤੇ ਆਪਣਾ ਸੰਘਰਸ਼ ਤੇਜ਼ ਕਰਨਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹੇਸ਼ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ, ਸ਼ਰਨਜੀਤ ਸਿੰਘ ਢਿੱਲੋਂ, ਪਵਨ ਕੁਮਾਰ ਟੀਨੂੰ, ਮਨਪ੍ਰੀਤ ਸਿੰਘ ਇਯਾਲੀ, ਐਸ ਆਰ ਕਲੇਰ, ਹਰਚਰਨ ਸਿੰਘ ਗੋਹਲਵੜੀਆ, ਰਣਜੀਤ ਸਿੰਘ ਢਿੱਲੋਂ, ਗੁਰਮੀਤ ਸਿੰਘ ਕੁਲਕਾਰ ਤੇ ਈਸ਼ਰ ਸਿੰਘ ਮਿਹਰਬਾਨ ਵੀ ਹਾਜ਼ਰ ਸਨ।