SC ਕਮਿਸ਼ਨ ਪੰਜਾਬ ਨੇ MP ਰਵਨੀਤ ਬਿੱਟੂ ਨੂੰ ਕੀਤਾ ਤਲਬ, ਕਮਿਸ਼ਨ ਦਫ਼ਤਰ ‘ਚ ਹੋਣਗੇ ਪੇਸ਼

0
107

ਚੰਡੀਗੜ੍ਹ (TLT)
ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵਲੋਂ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। SC ਕਮਿਸ਼ਨ ਪੰਜਾਬ ਨੇ ਨੇ ਰਵਨੀਤ ਬਿੱਟੂ ਨੂੰ 22 ਜੂਨ ਨੂੰ ਕਮਿਸ਼ਨ ਦੇ ਦਫ਼ਤਰ ‘ਚ ਪੇਸ਼ ਹੋਣ ਦੇ ਸੰਮਨ ਭੇਜੇ ਹਨ। ਬੀਤੇ ਕੱਲ੍ਹ ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂੰ ਡਾ. ਸੁਖਵਿੰਦਰ ਸੁੱਖੀ ਤੇ ਹੋਰਨਾਂ ਨੇ ਕਮਿਸ਼ਨ ਕੋਲ ਰਵਨੀਤ ਬਿੱਟੂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਰਵਨੀਤ ਬਿੱਟੂ ਨੇ ਸ੍ਰੀ ਆਨੰਦਪੁਰ ਸਾਹਿਬ ਤੇ ਸ੍ਰੀ ਚਮਕੌਰ ਸਾਹਿਬ ਦੀਆਂ ਸੀਟਾਂ ਨੂੰ ਪਵਿੱਤਰ ਦੱਸਦੇ ਹੋਏ ਬਹੁਜਨ ਸਮਾਜ ਪਾਰਟੀ ਨੂੰ ਦੇਣ ਦੀ ਗੱਲ ਕਹੀ ਸੀ ਤੇ ਇਹ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਸੀ।
ਜਿਸ ਤੇ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਅਤੇ ਪੰਜਾਬ ਐਸਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਾਜੇਸ਼ ਬਾਘਾ ਨੇ ਵੀ ਰਵਨੀਤ ਬਿੱਟੂ ਦੇ ਬਿਆਨ ਦੀ ਤਿੱਖੇ ਸ਼ਬਦਾਂ ਵਿਚ ਆਲੋਚਨਾ ਕਰਦਿਆਂ ਇਸ ਨੂੰ ਗੁਰੁ ਸਾਹਿਬਾਨ ਦੀ ਫਿਲਾਸਫ਼ੀ ਦੇ ਉਲਟ ਦੱਸਿਆ ਹੈ। ਬਾਘਾ ਨੇ ਕਿਹਾ ਕਿ ਰਵਨੀਤ ਬਿੱਟੂ ਦਾ ਇਹ ਬਿਆਨ ਕਾਂਗਰਸ ਦੀ ਜਾਤ-ਪਾਤ ਦੀ ਸੌੜੀ ਸਿਆਸਤ ਵਾਲੀ ਸੋਚ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਨੂੰ ਖਰਾਬ ਕਰਨ ਵਾਲੀ ਅਜਿਹੀ ਬਿਆਨਬਾਜੀ ਖਿਲਾਫ਼ ਕਾਂਗਰਸ ਪਾਰਟੀ ਅਤੇ ਪੰਜਾਬ ਸਰਕਾਰ ਨੂੰ ਰਵਨੀਤ ਬਿੱਟੂ ’ਤੇ ਸਖਤ ਐਕਸ਼ਨ ਲੈਣਾ ਚਾਹੀਦਾ ਹੈ।