ਅਕਾਲੀ ਦਲ ਨੂੰ ਮਿਲਿਆ ਬਸਪਾ ਦਾ ਸਾਥ, 97 ਸੀਟਾਂ ‘ਤੇ ਅਕਾਲੀ ਦਲ ਤੇ 20 ‘ਤੇ ਬਸਪਾ ਲੜੇਗੀ 2022 ਦੀ ਚੋਣ

0
51

ਚੰਡੀਗੜ੍ਹ (TLT)  ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜਵਾਦੀ ਪਾਰਟੀ ਰਲ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਲੜਨਗੇ। ਨਵੇਂ ਬਣੇ ਸਿਆਸੀ ਗੱਠਜੋੜ ਦਾ ਐਲਾਨ ਥੋੜ੍ਹੀ ਦੇਰ ‘ਚ ਹੋ ਜਾਵੇਗਾ। ਚੰਡੀਗੜ੍ਹ ‘ਚ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ‘ਚ ਬਸਪਾ ਤੇ ਅਕਾਲੀ ਦਲ ਦੀ ਸਾਂਝੀ ਪ੍ਰੈੱਸ ਕਾਨਫਰੰਸ ਜਾਰੀ ਹੈ। ਸੁਖਬੀਰ ਬਾਦਲ ਨੇ ਅਕਾਲੀ ਦਲ ਤੇ ਬਸਪਾ ਦੇ ਗਠਜੋੜ ਦਾ ਐਲਾਨ ਕਰ ਦਿੱਤਾ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਗਲੀਆਂ ਸਾਰੀਆਂ ਚੋਣਾਂ ਇਕੱਠੇ ਲੜਾਂਗੇ। ਉਨ੍ਹਾਂ ਕਿਹਾ ਕਿ ਇਹ ਦਿਨ ਪੰਜਾਬ ਦੀ ਸਿਆਸਤ ਲਈ ਇਤਿਹਾਸਕ ਹੈ। ਇਸ ਮੌਕੇ ਅਕਾਲੀ ਦਲ ਨੇ ਨਵਾਂ ਨਾਅਰਾ ‘ਸੋਚ ਵਿਕਾਸ ਦੀ, ਨਵੇਂ ਪੰਜਾਬ ਦੀ’ ਵੀ ਦਿੱਤਾ। ਉਨ੍ਹਾਂ ਕਿਹਾ ਕਿ ਗਠਜੋੜ ਲਈ ਸਭ ਤੋਂ ਵੱਡਾ ਯੋਗਦਾਨ ਮਾਇਆਵਤੀ ਨੇ ਪਾਇਆ ਹੈ। ਇਸ ਦੇ ਲਈ ਉਨ੍ਹਾਂ ਮਾਇਆਵਤੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜਵਾਦੀ ਪਾਰਟੀ ਪੰਜਾਬ ‘ਚ 20 ਸੀਟਾਂ ‘ਤੇ ਲੜੇਗੀ ਤੇ ਬਾਕੀ ਦੀਆਂ ਸੀਟਾਂ ਸ਼੍ਰੋਮਣੀ ਅਕਾਲੀ ਦਲ ਕੋਲ ਰਹਿਣਗੀਆਂ। ਬਹੁਜਨ ਸਮਾਜਵਾਦੀ ਪਾਰਟੀ ਕੋਲ 20 ਵਿਚੋਂ 8 ਸੀਟਾਂ ਦੋਆਬਾ ਦੀਆਂ, 5 ਮਾਝੇ ਤੇ 7 ਮਾਲਵਾ ਜ਼ੋਨ ਦੀਆਂ ਹੋਣਗੀਆਂ। 97 ਸੀਟਾਂ ‘ਤੇ ਸ਼੍ਰੋਮਣੀ ਅਕਾਲੀ ਦਲ ਚੋਣ ਲੜੇਗਾ। ਬਸਪਾ ਦੇ ਕੌਮੀ ਸਕੱਤਰ ਸਤੀਸ਼ ਮਿਸ਼ਰ ਨੇ ਵੀ ਸੁਖਬੀਰ ਬਾਦਲ ਦੀ ਇਸ ਗੱਲ ‘ਚ ਹਾਮੀ ਭਰੀ ਕਿ ਇਹ ਪੰਜਾਬ ਦੀ ਸਿਆਸਤ ਲਈ ਇਤਿਹਾਸਕ ਦਿਨ ਹੈ। ਬਸਪਾ ਤੇ ਅਕਾਲੀ ਦਲ ਗਠਜੋੜ ਦੇ ਐਲਾਨ ਦੇ ਨਾਲ ਹੀ ਪੰਜਾਬ ‘ਚ ਜਸ਼ਨ ਦਾ ਮਾਹੌਲ ਬਣ ਗਿਆ ਹੈ।