ਦਿੱਲੀ ’ਚ ਸ਼ਰਾਬ ਦੀ ਹੋਮ ਡਿਲੀਵਰੀ, ਘਰ ਬੈਠੇ ਮੰਗਵਾਓ ਮਨਪਸੰਦ ਵਾਈਨ

0
64

ਨਵੀਂ ਦਿੱਲੀ (TLT) ਦਿੱਲੀ ’ਚ ਸ਼ਰਾਬ ਦੀ ਹੋਮ ਡਿਲੀਵਰੀ ਲਈ ਵਿਕਰੇਤਾ/ਦੁਕਾਨਦਾਰ ਅੱਜ ਤੋਂ ਲਾਇਸੈਂਸ ਲਈ ਅਰਜ਼ੀ ਦੇ ਸਕਣਗੇ। ਦਿੱਲੀ ਸਰਕਾਰ ਨੇ ਸ਼ਰਾਬ ਦੀ ਸਪੁਰਦਗੀ ਸਬੰਧੀ ਸੋਧੀ ਨੀਤੀ ਲਾਗੂ ਕੀਤੀ ਹੈ। ਆਬਕਾਰੀ (ਸੋਧ) ਨਿਯਮ, 2021 ਦੇ ਅਨੁਸਾਰ, ਅੱਜ ਤੋਂ ਐਲ-13 ਲਾਇਸੈਂਸ ਧਾਰਕਾਂ ਨੂੰ ਗਾਹਕਾਂ ਦੇ ਘਰ ਦੇ ਦਰਾਂ ‘ਤੇ ਸ਼ਰਾਬ ਸਪਲਾਈ ਕਰਨ ਦੀ ਆਗਿਆ ਦਿੱਤੀ ਜਾਵੇਗੀ।

ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਲਾਇਸੈਂਸ ਧਾਰਕ ਮੋਬਾਈਲ ਐਪ ਜਾਂ ਆਨਲਾਈਨ ਵੈੱਬ ਪੋਰਟਲ ਰਾਹੀਂ ਵੀ ਘਰਾਂ ਵਿੱਚ ਸ਼ਰਾਬ ਪਹੁੰਚਾ ਸਕਣਗੇ। ਹੋਸਟਲ, ਦਫਤਰ ਤੇ ਸੰਸਥਾ ਨੂੰ ਅਜਿਹੀ ਕੋਈ ਡਿਲੀਵਰੀ ਨਹੀਂ ਕੀਤੀ ਜਾਏਗੀ। ਇਹ ਐਲਾਨ ਦਿੱਲੀ ਸਰਕਾਰ ਨੇ 1 ਜੂਨ ਨੂੰ ਰਾਸ਼ਟਰੀ ਰਾਜਧਾਨੀ ਵਿਚ ਸ਼ਰਾਬ ਦੇ ਵਪਾਰ ਨੂੰ ਨਿਯੰਤਰਿਤ ਕਰਨ ਵਾਲੇ ਆਬਕਾਰੀ ਨਿਯਮਾਂ ਵਿਚ ਸੋਧ ਕਰਨ ਤੋਂ ਬਾਅਦ ਕੀਤਾ ਸੀ। ਛੱਤੀਸਗੜ੍ਹ, ਮਹਾਰਾਸ਼ਟਰ, ਕਰਨਾਟਕ, ਪੰਜਾਬ, ਝਾਰਖੰਡ, ਓਡੀਸ਼ਾ ਅਜਿਹੇ ਰਾਜ ਹਨ ਜਿਥੇ ਸ਼ਰਾਬ ਦੀ ਹੋਮ ਡਿਲੀਵਰੀ ਦੀ ਪਹਿਲਾਂ ਤੋਂ ਹੀ ਇਜਾਜ਼ਤ ਹੈ।

ਨਵੇਂ ਨਿਯਮ ਤਹਿਤ, ਦਿੱਲੀ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ‘ਕਿਸੇ ਵੀ ਹੋਸਟਲ, ਦਫਤਰ ਜਾਂ ਸੰਸਥਾ ਵਿੱਚ ਸ਼ਰਾਬ ਦੀ ਡਿਲੀਵਰੀ ਨਹੀਂ ਕੀਤੀ ਜਾਏਗੀ, ਸਿਰਫ ਹੋਮ ਡਲਿਵਰੀ ਕੀਤੀ ਜਾਏਗੀ’। ਲਾਇਸੰਸ ਧਾਰਕ ਆਪਣੇ ਪਰਿਸਰ ’ਚ ਕਿਸੇ ਨੂੰ ਵੀ ਪੀਣ ਲਈ ਸ਼ਰਾਬ ਨਹੀਂ ਵੇਚ ਸਕਦੇ।

ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਨਵੇਂ ਆਬਕਾਰੀ ਨਿਯਮਾਂ ਤਹਿਤ ਮੋਬਾਈਲ ਐਪ ਅਤੇ ਪੋਰਟਲ ਜ਼ਰੀਏ ਸ਼ਰਾਬ ਦੀ ਹੋਮ ਡਿਲੀਵਰੀ ਨੂੰ ਦਿੱਲੀ ਵਿਚ ਆਗਿਆ ਦਿੱਤੀ ਗਈ ਹੈ। ਹਾਲਾਂਕਿ, ਇਸ ਦਾ ਇਹ ਮਤਲਬ ਨਹੀਂ ਹੈ ਕਿ ਸ਼ਰਾਬ ਦੀਆਂ ਦੁਕਾਨਾਂ ਨੂੰ ਪੂਰੀ ਦਿੱਲੀ ਵਿਚ ਸ਼ਰਾਬ ਸਪਲਾਈ ਕਰਨ ਦੀ ਆਗਿਆ ਦਿੱਤੀ ਜਾਏਗੀ। ਸਿਰਫ ਐਲ-13 ਲਾਇਸੈਂਸ ਧਾਰਕਾਂ ਨੂੰ ਘਰਾਂ ਵਿੱਚ ਡਿਲੀਵਰੀ ਕਰਨ ਦੀ ਆਗਿਆ ਹੋਵੇਗੀ ਤੇ ਸ਼ਹਿਰ ਦੀ ਹਰ ਸ਼ਰਾਬ ਦੀ ਦੁਕਾਨ ਨਹੀਂ।

ਦਿੱਲੀ ਆਬਕਾਰੀ ਨੀਤੀ 2010 ਵਿੱਚ ਵੀ ਘਰ ਵਿੱਚ ਸ਼ਰਾਬ ਦੀ ਡਿਲੀਵਰੀ ਦੇ ਪ੍ਰਬੰਧ ਸਨ ਪਰ ਬੇਨਤੀਆਂ ਈ-ਮੇਲ ਜਾਂ ਫੈਕਸ ਰਾਹੀਂ ਵੀ ਕੀਤੀਆਂ ਜਾ ਸਕਦੀਆਂ ਸਨ ਪਰ ਦਿੱਲੀ ਵਿਚ ਕਦੇ ਵੀ ਘਰ ਵਿਚ ਸ਼ਰਾਬ ਦੀ ਡਿਲੀਵਰੀ ਨਹੀਂ ਹੋਈ। ਦਿੱਲੀ ਸਰਕਾਰ ਨਾਲ ਜੁੜੇ ਸੂਤਰਾਂ ਅਨੁਸਾਰ ਜਦੋਂ ਮਈ ਮਹੀਨੇ 2020 ਵਿਚ ਲੌਕਡਾਊਨ ਖੋਲ੍ਹਿਆ ਗਿਆ ਸੀ ਤਾਂ ਸ਼ਰਾਬ ਦੀਆਂ ਦੁਕਾਨਾਂ ‘ਤੇ ਭਾਰੀ ਭੀੜ ਸੀ।