ਨੀਤੀ ਆਯੋਗ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਮੌਕੇ ਜ਼ਿਲ੍ਹਾ ਮੋਗਾ ਨੂੰ ਤੋਹਫ਼ਾ

0
30

ਮੋਗਾ ਅਤੇ ਰਾਂਚੀ ਜ਼ਿਲ੍ਹਿਆਂ ਵਿੱਚ ਸ਼ੁਰੂ ਹੋਵੇਗਾ 100 ਕਰੋੜ ਪੌਦੇ ਲਗਾਉਣ ਦਾ ਪਾਇਲਟ ਪ੍ਰੋਜੈਕਟ

90 ਲੱਖ ਤੋਂ ਵਧੇਰੇ ਪੌਦੇ ਲਗਾ ਕੇ ਵਾਤਾਵਰਨ ਨੂੰ ਕੀਤਾ ਜਾਵੇਗਾ ਹਰਾ ਭਰਾ – ਡਿਪਟੀ ਕਮਿਸ਼ਨਰ

ਮੋਗਾ (TLT) ਡਿਪਟੀ ਕਮਿਸ਼ਨਰ ਸੰਦੀਪ ਹੰਸ ਦੀ ਅਗਵਾਈ ਵਿੱਚ ਜ਼ਿਲ੍ਹਾ ਮੋਗਾ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਬਲ ਦਿੰਦਿਆਂ ਕੇਂਦਰੀ ਨੀਤੀ ਆਯੋਗ ਨੇ ਜ਼ਿਲ੍ਹਾ ਮੋਗਾ ਦੀ ਦੇਸ਼ ਦੇ ਉਹਨਾਂ ਦੋ ਜ਼ਿਲ੍ਹਿਆਂ ਵਿੱਚ ਚੋਣ ਕੀਤੀ ਹੈ, ਜਿੱਥੇ ਕਿ 100 ਕਰੋੜ ਪੌਦੇ ਲਗਾਉਣ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜਾਣਾ ਹੈ। ਦੂਜਾ ਜ਼ਿਲ੍ਹਾ ਝਾਰਖੰਡ ਦਾ ਰਾਂਚੀ ਹੋਵੇਗਾ। ਕੇਂਦਰੀ ਨੀਤੀ ਆਯੋਗ ਵੱਲੋਂ ਬੀਤੇ ਦਿਨੀਂ ਲੰਘੇ ਵਿਸ਼ਵ ਵਾਤਾਵਰਨ ਦਿਵਸ ਦਾ ਜ਼ਿਲ੍ਹਾ ਮੋਗਾ ਨੂੰ ਇਹ ਵੱਡਾ ਤੋਹਫ਼ਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਇਹ 100 ਕਰੋੜ ਪੌਦੇ ਦੇਸ਼ ਦੇ 112 ਉਤਸ਼ਾਹੀ ਜ਼ਿਲ੍ਹਿਆਂ ਵਿੱਚ ਵੰਡ ਕੇ ਲਗਾਏ ਜਾਣਗੇ। ਇਸ ਲਈ ਬਕਾਇਦਾ ਖਾਕਾ ਤਿਆਰ ਕੀਤਾ ਜਾ ਰਿਹਾ ਹੈ। ਇਸ ਲਈ ਢੁੱਕਵੀਂ ਜਗ੍ਹਾ ਦੀ ਭਾਲ ਲਈ ਜ਼ਿਲ੍ਹਾ ਮੰਡੀ ਅਫ਼ਸਰ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਐਕਸੀਅਨ, ਪੰਚਾਇਤੀ ਰਾਜ ਐਕਸੀਅਨ, ਮੁੱਖ ਖੇਤੀਬਾੜੀ ਅਫ਼ਸਰ, ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ ਸਿੱਖਿਆ ਅਤੇ ਪ੍ਰਾਇਮਰੀ), ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ, ਉਪ ਮੰਡਲ ਭੂਮੀ ਰੱਖਿਆ ਅਫ਼ਸਰ ਅਤੇ ਚਾਰੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਨੂੰ ਕਿਹਾ ਗਿਆ ਹੈ। ਏਨੀਂ ਵੱਡੀ ਗਿਣਤੀ ਵਿੱਚ ਇਹ ਪੌਦੇ ਲਗਾਉਣ ਲਈ ਘੱਟੋ ਘੱਟ ਪੰਜ ਸਾਲ ਲੱਗਣਗੇ। ਉਮੀਦ ਹੈ ਕਿ ਅਨੁਪਾਤ ਮੁਤਾਬਿਕ ਇਸ ਸਾਲ ਦੇ ਪੌਦੇ ਲਗਾਉਣ ਦਾ ਕੰਮ ਇਸ ਮੌਨਸੂਨ ਸੀਜ਼ਨ ਵਿਚ ਮੁਕੰਮਲ ਕਰਵਾ ਲਿਆ ਜਾਵੇਗਾ।ਦੱਸਣਯੋਗ ਹੈ ਕਿ ਨੀਤੀ ਆਯੋਗ ਉਤਸ਼ਾਹੀ ਜ਼ਿਲ੍ਹਿਆਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵੱਖ ਵੱਖ ਖੇਤਰਾਂ ਵਿੱਚ ਕੰਮ ਕਰ ਰਹੀਆਂ ਗੈਰ ਸਰਕਾਰੀ ਸੰਸਥਾਵਾਂ ਦਾ ਸਹਿਯੋਗ ਲੈ ਰਿਹਾ ਹੈ। ਇਸੇ ਕਰਕੇ ਹੀ ਵਰਲਡ ਇਕਨੋਮਿਕ ਫੋਰਮ ਦੇ ਉਪਰਾਲੇ ਵਜੋਂ ਭਾਰਤ ਵਿੱਚ ਲਗਾਏ ਜਾਣ ਵਾਲੇ ਇਹਨਾਂ 100 ਕਰੋੜ ਪੌਦਿਆਂ ਦੇ ਟੀਚੇ ਨੂੰ ਪੂਰਾ ਕਰਨ ਲਈ ਨੀਤੀ ਆਯੋਗ ਨੇ ਨਵੀ ਮੁੰਬਈ ਹੱਬ ਆਫ ਗਲੋਬਲ ਸੇ਼ਪਰਜ਼ ਕਮਿਊਨਿਟੀ ਨਾਲ ਸਮਝੌਤਾ ਕੀਤਾ ਹੈ। ਇਸ ਸੰਸਥਾ ਵੱਲੋਂ ਇਸ ਪਾਇਲਟ ਪ੍ਰੋਜੈਕਟ ਨੂੰ ਪੰਜਾਬ ਦੇ ਜ਼ਿਲ੍ਹਾ ਮੋਗਾ ਅਤੇ ਝਾਰਖੰਡ ਦੇ ਜ਼ਿਲ੍ਹਾ ਰਾਂਚੀ ਵਿੱਚ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਆਸ ਮੁਤਾਬਿਕ ਨਤੀਜੇ ਮਿਲਣ ਉੱਤੇ ਇਸ ਪ੍ਰੋਜੈਕਟ ਨੂੰ ਸਾਰੇ 112 ਜ਼ਿਲ੍ਹਿਆਂ ਵਿੱਚ ਲਾਗੂ ਕਰ ਦਿੱਤਾ ਜਾਵੇਗਾ।ਸ਼੍ਰੀ ਹੰਸ ਨੇ ਦੱਸਿਆ ਕਿ ਇਸ ਸਾਰੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਵਣ ਰੇਂਜ ਅਫ਼ਸਰ ਮੋਗਾ ਨੂੰ ਨੋਡਲ ਅਫ਼ਸਰ ਲਗਾਇਆ ਗਿਆ ਹੈ। ਇਸ ਕਾਰਜ ਨੂੰ ਆਮ ਲੋਕਾਂ ਅਤੇ ਵੱਖ ਵੱਖ ਧਿਰਾਂ ਦੇ ਸਹਿਯੋਗ ਨਾਲ ਇਕ ਮੁਹਿੰਮ ਚਲਾ ਕੇ ਪੂਰਾ ਕੀਤਾ ਜਾਵੇਗਾ। ਲਗਾਏ ਜਾਂ ਵਾਲੇ ਪੌਦੇ ਰਵਾਇਤੀ/ਫ਼ਲਦਾਰ ਹੋਣਗੇ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਪੌਦੇ ਇਸ ਜਗ੍ਹਾ ਲਗਾਏ ਜਾਣ ਜਿਥੇ ਪਾਣੀ, ਸੁਰੱਖਿਆ ਅਤੇ ਫੈਂਸਿੰਗ ਦਾ ਪੁਖਤਾ ਪ੍ਰਬੰਧ ਹੋਵੇਗਾ। ਸ਼੍ਰੀ ਹੰਸ ਇਸ ਮੁਹਿੰਮ ਨੂੰ ਸਫਲ ਕਰਨ ਲਈ ਆਮ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।