ਡਿਪਟੀ ਕਮਿਸ਼ਨਰ ਵੱਲੋਂ ਆਪਣੇ ਸੁਰੱਖਿਆ ਕਰਮਚਾਰੀ ਦੀ ਸਟਾਰ ਲਗਾਉਣ ਦੀ ਰਸਮ ਅਦਾ ਕੀਤੀ

0
134

ਲੁਧਿਆਣਾ (TLT) ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਆਪਣੇ ਸੁਰੱਖਿਆ ਅਮਲੇ ਦੇ ਇਕ ਮੈਂਬਰ ਅਮਰਜੀਤ ਸਿੰਘ ਦੀ ਸਟਾਰ ਲਗਾਉਣ ਦੀ ਰਸਮ ਅਦਾ ਕੀਤੀ ਗਈ, ਜਿਸ ਨੂੰ ਹਾਲ ਹੀ ਵਿੱਚ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਵਜੋਂ ਤਰੱਕੀ ਦਿੱਤੀ ਗਈ ਹੈ।

ਅਮਰਜੀਤ ਸਿੰਘ ਨੂੰ ਸਟਾਰ ਲਗਾਉਂਦੇ ਹੋਏ, ਸ਼ਰਮਾ ਅਤੇ ਉਨ੍ਹਾ ਦੀ ਪਤਨੀ ਪ੍ਰਵੀਨ ਸ਼ਰਮਾ ਨੇ ਕਿਹਾ ਕਿ ਅਮਰਜੀਤ ਲਈ ਇਹ ਇਕ ਭਾਗਾਂ ਭਰਿਆ ਦਿਨ ਹੈ, ਕਿਉਂਕਿ ਉਸ ਨੂੰ 4 ਸਤੰਬਰ 1991 ਤੋਂ ਸ਼ਾਨਦਾਰ ਸੇਵਾਵਾਂ ਦੇਣ ਤੋਂ ਬਾਅਦ ਤਰੱਕੀ ਮਿਲੀ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਅਮਰਜੀਤ ਸਿੰਘ ਨੂੰ ਇਕ ਨਵੇਂ ਅਹੁਦੇ ਲਈ ਤਰੱਕੀ ਦਿੱਤੀ ਗਈ, ਜਿਸ ਨੂੰ ਉਨ੍ਹਾਂ ਅਮਰਜੀਤ ਦੇ ਕਰੀਅਰ ਦੀ ਇਕ ਨਵੀਂ ਸ਼ੁਰੂਆਤ ਦੱਸਿਆ।

ਉਨ੍ਹਾਂ ਤਰੱਕੀ ਪ੍ਰਾਪਤ ਕਰਮਚਾਰੀ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਮੀਦ ਜਤਾਈ ਕਿ ਉਹ ਜੋਸ਼ ਨਾਲ ਲੋਕਾਂ ਦੀ ਸੇਵਾ ਕਰਨ ਲਈ ਪੰਜਾਬ ਪੁਲਿਸ ਦੀ ਸ਼ਾਨਦਾਰ ਪਰੰਪਰਾ ਨੂੰ ਕਾਇਮ ਰੱਖਣਗੇ।

ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਮਰਜੀਤ ਸਿੰਘ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਲਗਨ ਨਾਲ ਨਿਭਾਉਂਦਿਆਂ ਸਮਰਪਿਤ ਭਾਵਨਾ ਨਾਲ ਸਮਾਜ ਦੀ ਸੇਵਾ ਕਰਦਿਆਂ ਆਪਣਾ ਫਰਜ਼ ਨਿਭਾਏਗਾ।

ਉਨ੍ਹਾਂ ਪੁਲਿਸ ਮੁਲਾਜ਼ਮ ਨੂੰ ਅਪੀਲ ਕੀਤੀ ਕਿ ਉਹ ਆਪਣੀ ਡਿਊਟੀ ਹੋਰ ਤਨਦੇਹੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ, ਕਿਉਂਕਿ ਇਸ ਤਰੱਕੀ ਨੇ ਉਨ੍ਹਾਂ ਦੇ ਮੋਢਿਆਂ ‘ਤੇ ਵੱਡੀ ਜ਼ਿੰਮੇਵਾਰੀ ਪਾਈ ਹੈ।