ਬੇਟੀ ਦਾ ਹੋਇਆ ਤਲਾਕ ਤਾਂ ਗੁੱਸੇ ‘ਚ ਘਰਵਾਲਿਆਂ ਨੇ ਪ੍ਰੇਮੀ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਿਆ

0
122

ਆਦਮਪੁਰ (ਹਰਪ੍ਰੀਤ ਕਾਹਲੋਂ)
ਆਦਮਪੁਰ ਦੇ ਪਿੰਡ ਤਲਵੰਡੀ ਅਰਾਈਆਂ ਵਿੱਚ ਇਕ ਨੌਜਵਾਨ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਆਪਣੀ ਲੜਕੀ ਦੇ ਤਲਾਕ ਹੋ ਜਾਣ ਤੋਂ ਨਾਰਾਜ਼ ਪਰਿਵਾਰ ਵਾਲਿਆਂ ਨੇ ਉਸ ਦੇ ਪ੍ਰਰੇਮੀ ਨੂੰ ਪਹਿਲਾਂ ਅਗਵਾ ਕੀਤਾ ਤੇ ਫਿਰ ਉਸ ਨੂੰ ਖੰਭੇ ਨਾਲ ਬੰਨ੍ਹ ਕੇ ਚੱਪਲਾਂ ਤੇ ਡੰਡਿਆਂ ਨਾਲ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। ਕੁੱਟਣ ਤੋਂ ਬਾਅਦ ਮੁਲਜ਼ਮਾਂ ਨੇ ਨੌਜਵਾਨ ਨੂੰ ਪਿਸ਼ਾਬ ਪਿਆ ਕੇ ਉਸ ਦਾ ਵੀਡੀਓ ਬਣਾਇਆ ਤੇ ਉਸ ਨੂੰ ਇੰਟਰਨੈੱਟ ਮੀਡੀਆ ‘ਤੇ ਵਾਇਰਲ ਕਰ ਦਿੱਤਾ। ਉੱਧਰ ਵੀਡੀਓ ਵਾਇਰਲ ਹੋਣ ਪਿੱਛੋਂ ਹੀ ਪੀੜਤ ਨੌਜਵਾਨ ਬਿਨਾਂ ਕੁਝ ਦੱਸਿਆਂ ਕਿਤੇ ਚਲੇ ਗਿਆ ਹੈ। ਪੀੜਤ ਧਿਰ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ 9 ਨਾਮਜ਼ਦ ਤੇ 3 ਅਣਪਛਾਤੇ ਮੁਲਜ਼ਮਾਂ ਵਿਰੁੱਧ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਤਾਂ ਕਰ ਲਿਆ ਹੈ ਪਰ ਪੁਲਿਸ ਹੁਣ ਤਕ ਇਨ੍ਹਾਂ ਮੁਲਜ਼ਮਾਂ ਵਿਚੋਂ ਕਿਸੇ ਨੂੰ ਵੀ ਗਿ੍ਫ਼ਤਾਰ ਨਹੀਂ ਕਰ ਸਕੀ।
ਇਸ ਮੌਕੇ ਪੀੜਤ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਦਸਿਆ ਕੇ ਤਲਵੰਡੀ ਪਿੰਡ ਦਾ ਰਹਿਣ ਵਾਲੇ ਨੌਜਵਾਨ ਦਾ ਬੀਤੇ ਚਾਰ-ਪੰਜ ਸਾਲ ਤੋਂ ਇਕ ਲੜਕੀ ਨਾਲ ਪ੍ਰਰੇਮ ਸਬੰਧ ਸੀ ਜਿਸ ਦੀ ਜਾਣਕਾਰੀ ਮਿਲਣ ਪਿੱਛੋਂ ਲੜਕੀ ਦੇ ਘਰ ਵਾਲਿਆਂ ਨੇ ਆਪਣੇ ਕੁੜੀ ਦਾ ਵਿਆਹ ਉਸ ਦੀ ਮਰਜ਼ੀ ਤੋਂ ਬਗੈਰ ਕਿਤੇ ਹੋਰ ਕਰ ਦਿੱਤਾ ਜਦਕਿ ਕੁੜੀ ਪੀੜਤ ਨੌਜਵਾਨ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਇਸ ਦੇ ਚੱਲਦਿਆਂ ਇਲਾਕੇ ਦੇ ਮੁਹਤਬਰ ਲੋਕਾਂ ਦੀ ਮੌਜੂਦਗੀ ਵਿਚ ਪੰਚਾਇਤ ਬਿਠਾ ਕੇ ਲੜਕੀ ਦਾ ਤਲਾਕ ਕਰਵਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਤੋਂ ਹੀ ਕੁੜੀ ਦੇ ਪਰਿਵਾਰ ਵਾਲੇ ਤੇ ਰਿਸ਼ਤੇਦਾਰ ਪੀੜਤ ਨੌਜਵਾਨ ਨਾਲ ਰੰਜਿਸ਼ ਰੱਖਦੇ ਸਨ।
ਇਸ ਮਾਮਲੇ ਨੂੰ ਲੈ ਕੇ ਜਦੋਂ ਥਾਣਾ ਆਦਮਪੁਰ ਦੇ ਇੰਚਾਰਜ ਹਰਜਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸ਼ਿਕਾਇਤ ਮਿਲਣ ਤੇ ਪੁਲਿਸ ਨੇ 9 ਨਾਮਜ਼ਦ ਤੇ 3 ਅਣਪਛਾਤੇ ਲੋਕਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਛਾਪੇਮਾਰੀ ਦੌਰਾਨ ਉਨ੍ਹਾਂ ਦੇ ਘਰ ਵਿਚ ਮਾਮਲੇ ਨਾਲ ਜੁੜਿਆ ਕੋਈ ਵੀ ਮੁਲਜ਼ਮ ਨਹੀਂ ਮਿਲਿਆ। ਹਾਲਾਂਕਿ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਸਾਰੇ ਮੁਲਜ਼ਮਾਂ ਦੇ ਚਿਹਰੇ ਸਾਫ਼ ਦਿਖਾਈ ਦੇ ਰਹੇ ਹਨ।