7 ਸਾਲ ਦਾ ਬੱਚਾ ਅਗ਼ਵਾ, ਮੁਹੱਲੇ `ਚ ਫੈਲੀ ਸਨਸਨੀ

0
97

ਜਲੰਧਰ (ਰਮੇਸ਼ ਗਾਬਾ) ਥਾਣਾ ਨੰ. ਚਾਰ ਦੀ ਹੱਦ ਵਿਚ ਪੈਂਦੇ ਪੱਕਾ ਬਾਗ ਵਿੱਚ ਵੀਰਵਾਰ ਸ਼ਾਮ ਸੱਤ ਸਾਲ ਦਾ ਬੱਚਾ ਅਗਵਾ ਹੋਣ ਨਾਲ ਮੁਹੱਲੇ ਵਿਚ ਸਨਸਨੀ ਫੈਲ ਗਈ। ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਥਾਣਾ ਚਾਰ ਨੰਬਰ ਦੀ ਪੁਲਿਸ ਮਾਮਲੇ ਦੀ ਜਾਂਚ ਵਿਚ ਡਟ ਗਈ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪੱਕਾ ਬਾਗ ਦੀ ਰਹਿਣ ਵਾਲੀ ਵਸੀਮਾ ਖਾਤੂਨ ਨੇ ਦੱਸਿਆ ਕਿ ਉਸ ਦਾ ਪੁੱਤਰ ਰਾਜਾ ਐਨਕਾਂ ਬਣਾਉਣ ਦਾ ਕੰਮ ਕਰਦਾ ਹੈ ਅਤੇ ਉਸ ਦੇ ਗੁਆਂਢ ਵਿਚ ਰਹਿਣ ਵਾਲੇ ਮੁਹੰਮਦ ਕਰੀਮ ਖਾਨ ਦਾ ਸਾਲਾ ਇਰਫਾਨ ਖਾਨ ਵੀ ਉਸ ਦੇ ਪੁੱਤ ਰਾਜਾ ਨਾਲ ਕੰਮ ਕਰਦਾ ਸੀ। ਕੁਝ ਦਿਨ ਪਹਿਲਾਂ ਰਾਜਾ ਨੇ ਕਿਸੇ ਗੱਲ ਨੂੰ ਲੈ ਕੇ ਇਰਫਾਨ ਖਾਨ ਨੂੰ ਕੰਮ ਤੋਂ ਕੱਢ ਦਿੱਤਾ। ਵੀਰਵਾਰ ਸ਼ਾਮ ਉਸ ਦਾ ਪੋਤਾ ਗਲੀ ਵਿੱਚ ਖੇਡ ਰਿਹਾ ਸੀ ਕਿ ਅਚਾਨਕ ਉਹ ਗਾਇਬ ਹੋ ਗਿਆ। ਵਸੀਮਾ ਖਾਤੂਨ ਨੇ ਦੱਸਿਆ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਇਰਫਾਨ ਹੀ ਉਸ ਦੇ ਪੋਤੇ ਨੂੰ ਅਗਵਾ ਕਰਕੇ ਲੈ ਗਿਆ ਹੈ।

ਮੌਕੇ ‘ਤੇ ਪਹੁੰਚੀ ਥਾਣਾ ਚਾਰ ਦੇ ਮੁਖੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਬੱਚਾ ਗੁੰਮ ਹੋਇਆ ਹੈ ਅਤੇ ਪਰਿਵਾਰ ਵਾਲਿਆਂ ਨੂੰ ਲੱਗਦਾ ਹੈ ਕਿ ਉਸ ਨੂੰ ਅਗਵਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਰਫਾਨ ਖਾਨ ਦੇ ਮੋਬਾਈਲ ਦੀ ਲੋਕੇਸ਼ਨ ਕਢਵਾਈ ਗਈ ਸੀ ਜੋ ਕਿ ਜਲੰਧਰ ਕੈਂਟ ਦੀ ਆ ਰਹੀ ਸੀ ਪਰ ਜਦ ਪੁਲਿਸ ਪਾਰਟੀ ਉਥੇ ਪਹੁੰਚੀ ਤਾਂ ਇਰਫਾਨ ਉੱਥੇ ਨਹੀਂ ਮਿਲਿਆ। ਫਿਲਹਾਲ ਪੁਲਿਸ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਵਿੱਚ ਡਟੀ ਹੋਈ ਹੈ।