ਸੁਣਨ ਅਤੇ ਬੋਲਣ ਤੋਂ ਅਸਮਰੱਥ ਹਰਮੇਸ਼ ਦੀ ਜ਼ਿੰਦਗੀ ਵਿੱਚ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੇ ਜਗਾਈ ਆਸ ਦੀ ਕਿਰਨ

0
74

ਜਲੰਧਰ (ਰਮੇਸ਼ ਗਾਬਾ) ਦਿਵਿਆਂਗ ਉਮੀਦਵਾਰਾਂ ਨੂੰ ਵੀ ਬਾਕੀ ਨੌਜਵਾਨਾਂ ਦੇ ਬਰਾਬਰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਦਿਆਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਨੇ ਸੁਣਨ ਅਤੇ ਬੋਲਣ ਤੋਂ ਅਸਮਰੱਥ ਨੌਜਵਾਨ ਨੂੰ ਨੌਕਰੀ ਪ੍ਰਦਾਨ ਕਰਵਾ ਕੇ ਉਸ ਦੀ ਜ਼ਿੰਦਗੀ ਵਿੱਚ ਆਸ ਦੀ ਇਕ ਨਵੀਂ ਕਿਰਨ ਜਗਾਈ ਹੈ।
ਜਾਣਕਾਰੀ ਦਿੰਦਿਆਂ ਮਾਡਲ ਟਾਊਨ ਜਲੰਧਰ ਦੇ ਰਹਿਣ ਵਾਲੇ ਹਰਮੇਸ਼ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਸੁਣਨ ਅਤੇ ਬੋਲਣ ਤੋਂ ਅਸਮਰੱਥ ਹੈ ਪਰ ਇਸ ਅਪੰਗਤਾ ਨੂੰ ਉਸ ਨੇ ਆਪਣੇ ਪੈਰਾਂ ਦੀਆਂ ਬੇੜੀਆਂ ਨਹੀਂ ਬਣਨ ਦਿੱਤਾ ਸਗੋਂ ਮਿਹਨਤ ਤੇ ਲਗਨ ਨਾਲ ਬੀ.ਐਫ.ਏ. (ਬੈਚਲਰ ਆਫ ਫਾਈਨ ਆਰਟਸ) ਪਾਸ ਕੀਤੀ।
ਉਸ ਨੇ ਦੱਸਿਆ ਕਿ ਜਿਥੇ ਉਹ ਪਹਿਲਾਂ ਨੌਕਰੀ ਕਰ ਰਿਹਾ ਸੀ, ਉਥੇ ਕਿਸੇ ਕਾਰਨਾਂ ਕਰਕੇ ਸੰਤੁਸ਼ਟ ਨਹੀਂ ਸੀ ਅਤੇ ਬਜ਼ੁਰਗ ਪਿਤਾ, ਸੁਣਨ ਤੇ ਬੋਲਣ ਤੋਂ ਸਮਰੱਥ ਪਤਨੀ ਅਤੇ ਦੋ ਬੱਚਿਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਦੇ ਨਿਰਵਾਹ ਨੂੰ ਲੈ ਕੇ ਬੇਹੱਦ ਪ੍ਰੇਸ਼ਾਨ ਸੀ।
ਨਵੀਂ ਨੌਕਰੀ ਦੀ ਤਲਾਸ਼ ਦੌਰਾਨ ਇਕ ਦਿਨ ਇਕ ਦੋਸਤ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਾਰੇ ਜਾਣਕਾਰੀ ਮਿਲਣ ‘ਤੇ ਉਸ ਨੇ ਆਪਣੇ ਸਰਟੀਫਿਕੇਟਾਂ ਸਮੇਤ ਬਿਊਰੋ ਵਿਖੇ ਪਹੁੰਚ ਕੀਤੀ ਅਤੇ ਆਪਣੀ ਸਥਿਤੀ ਅਤੇ ਨੌਕਰੀ ਦੀ ਸਖ਼ਤ ਜ਼ਰੂਰਤ ਬਾਰੇ ਦੱਸਿਆ, ਜਿਸ ‘ਤੇ ਦਫ਼ਤਰ ਵੱਲੋਂ ਉਸ ਦੀ ਮੈਨੂਅਲ ਅਤੇ ਆਨਲਾਈਨ ਰਜਿਸਟਰੇਸ਼ਨ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਯਤਨਾਂ ਸਦਕਾ ਉਸ ਨੂੰ ਰਿਲਾਇੰਸ ਮਾਲ ਵਿੱਚ ਰਿਕਾਰਡ ਕੀਪਰ ਦੀ ਨੌਕਰੀ ਮਿਲ ਗਈ ਹੈ ਅਤੇ ਅੱਜ-ਕੱਲ ਕੋਵਿਡ-19 ਕਾਰਨ ਉਹ ਘਰ ਤੋਂ ਕੰਮ ਕਰ ਰਿਹਾ ਹੈ। ਉਸ ਕਿਹਾ ਕਿ ਉਸ ਨੂੰ ਤਨਖਾਹ ਸਮੇਂ ਸਿਰ ਮਿਲ ਜਾਂਦੀ ਹੈ ਅਤੇ ਉਹ ਇਸ ਨੌਕਰੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ।
ਹਰਮੇਸ਼ ਨੇ ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ, ”ਮੈਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਮੈਨੂੰ ਆਪਣੇ ਪੈਰਾਂ ‘ਤੇ ਮੁੜ ਖੜ੍ਹਾ ਹੋਣ ਦੇ ਸਮਰੱਥ ਬਣਾਇਆ ਹੈ ਅਤੇ ਨਿਰਾਸ਼ਾ ਦੇ ਆਲਮ ਵਿੱਚ ਜਾਣ ਤੋਂ ਬਚਾ ਲਿਆ।”
ਉਸ ਨੇ ਸਮੂਹ ਬੇਰੋਜ਼ਗਾਰ ਨੌਜਵਾਨਾਂ ਵਿਸ਼ੇਸ਼ ਕਰਕੇ ਦਿਵਿਆਂਗ ਲੜਕੇ-ਲੜਕੀਆਂ ਨੂੰ ਆਤਮ ਨਿਰਭਰ ਬਣਨ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਜਲੰਧਰ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸੁਵਿਧਾਵਾਂ ਦੀ ਜਾਣਕਾਰੀ ਪ੍ਰਾਪਤ ਕਰਨ ਅਤੇ ਆਪਣੇ ਭਵਿੱਖ ਨੂੰ ਸੰਵਾਰਨ ਲਈ ਬਿਊਰੋ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ।
ਇਸ ਸਬੰਧੀ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਵੱਡੀ ਗਿਣਤੀ ਵਿੱਚ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਵਾਏ ਜਾ ਰਹੇ ਹਨ ਖਾਸ ਕਰਕੇ ਸਰੀਰਕ ਚੁਣੌਤੀਆਂ ਦਾ ਸਾਹਮਣਾ ਕਰਨ ਵਾਲੇ ਲੜਕੇ-ਲੜਕੀਆਂ ਨੂੰ ਬਾਕੀ ਨੌਜਵਾਨਾਂ ਦੇ ਬਰਾਬਰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣਾ ਬਿਊਰੋ ਦੀ ਹਮੇਸ਼ਾ ਪਹਿਲ ਰਹੀ ਹੈ।
ਸ਼੍ਰੀ ਥੋਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਡੀ.ਬੀ.ਈ.ਈ. ਵੱਲੋਂ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸਰਗਰਮੀ ਨਾਲ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਮਿਲਣਾ ਯਕੀਨੀ ਬਣਾਇਆ ਜਾ ਸਕੇ, ਜਿਸ ਨਾਲ ਉਨ੍ਹਾਂ ਨੂੰ ਆਤਮ ਨਿਰਭਰ ਬਣਨ ਵਿੱਚ ਮਦਦ ਮਿਲੇਗੀ। ਉਨ੍ਹਾਂ ਨੌਜਵਾਨਾਂ ਨੂੰ ਵਧੇਰੇ ਨੌਕਰੀਆਂ ਲਈ www.pgrkam.com ‘ਤੇ ਰਜਿਸਟਰ ਕਰਨ ਦੀ ਅਪੀਲ ਵੀ ਕੀਤੀ।