ਸਿੱਧੀ ਬਿਜਾਈ ਪ੍ਰਤੀ ਕਿਸਾਨਾਂ ਨੂੰ ਪ੍ਰੇਰਿਤ ਕਰਨ ਖੁਦ ਖੇਤਾਂ ਵਿਚ ਪੁੱਜੇ ਡਿਪਟੀ ਕਮਿਸ਼ਨਰ

0
76

ਕਪੂਰਥਲਾ (TLT) ਕਪੂਰਥਲਾ ਜਿਲ੍ਹੇ ਵਿਚ ਕਿਸਾਨਾਂ ਨੂੰ ਝੋਨੇ ਦੀ  ਸਿੱਧੀ ਬਿਜਾਈ ਪ੍ਰਤੀ ਉਤਸ਼ਾਹਿਤ ਕਰਨ ਲਈ ਡਿਪਟੀ ਕਮਿਸ਼ਨਰ ਦੀਪਤੀ ਉੱਪਲ  ਵਲੋਂ ਖੁਦ ਖੇਤਾਂ ਵਿਚ ਜਾ ਕੇ ਝੋੋਨੇ ਦੀ ਸਿੱਧੀ ਬਿਜਾਈ ਦਾ ਜਾਇਜ਼ਾ ਲਿਆ ਉੱਥੇ ਹੀ ਕਿਸਾਨਾਂ ਨਾਲ ਗੱਲਬਾਤ ਕਰਕੇ ਸਿੱਧੀ ਬਿਜਾਈ ਵੱਧ ਤੋਂ ਵੱਧ ਕਰਨ ਲਈ ਪ੍ਰੇਰਿਤ ਕੀਤਾ।

ਉਹ ਅੱਜ ਐਸ.ਡੀ.ਐਮ. ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ, ਮੁੱਖ ਖੇਤੀਬਾੜੀ ਅਧਿਕਾਰੀ ਡਾ. ਸ਼ੁਸ਼ੀਲ ਕੁਮਾਰ ਨਾਲ ਪਿੰਡ ਕੜਾਲ ਨੌਂ ਆਬਾਦ ਵਿਖੇ ਕਿਸਾਨ ਦਵਿੰਦਰ ਸਿੰਘ ਤੇ ਰੇਸ਼ਮ ਸਿੰਘ ਦੇ ਖੇਤਾਂ ਵਿਚ ਪੁੱਜੇ। ਇਨ੍ਹਾਂ ਕਿਸਾਨਾਂ ਵਲੋਂ ਪਿਛਲੇ ਸਾਲ ਵਾਂਗ ਇਸ ਵਾਰ ਵੀ ਆਪਣੀ 10-10 ਏਕੜ ਜ਼ਮੀਨ ਵਿਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ।ਡਿਪਟੀ ਕਮਿਸ਼ਨਰ ਨੇ ਕਿਸਾਨਾਂ ਕੋਲੋਂ ਸਿੱਧੀ ਬਿਜਾਈ ਦੇ ਲਾਭਾਂ, ਬਿਜਾਈ ਵਿਚ ਔਕੜਾਂ ਤੇ ਇਸਦੀ ਬਿਜਾਈ ਬਾਰੇ ਤਕਨੀਕੀ ਅਗਵਾਈ ਬਾਰੇ ਗੱਲਬਾਤ ਕੀਤੀ। 
ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਜਿਲ੍ਹੇ ਵਿਚ 27 ਹਜ਼ਾਰ ਏਕੜ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਹੋਈ ਸੀ, ਜਿਸ ਤਹਿਤ ਸੁਲਤਾਨਪੁਰ ਬਲਾਕ ਅੰਦਰ ਲਗਭਗ 50 ਫੀਸਦੀ ਖੇਤਰ ਅੰਦਰ ਸਿੱਧੀ ਬਿਜਾਈ ਹੋਈ ਸੀ। ਇਸ ਵਾਰ ਇਹ ਟੀਚਾ 35 ਹਜ਼ਾਰ ਏਕੜ ਰੱਖਿਆ ਗਿਆ ਹੈ, ਜਿਸ ਲਈ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਤੱਕ ਵਿਸ਼ੇਸ਼ ਟੀਮਾਂ ਬਣਾਕੇ ਪਹੁੰਚ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਫਗਵਾੜਾ, ਸੁਲਤਾਨਪੁਰ, ਭੁਲੱਥ ਵਿਖੇ ਵੀ ਐਸ.ਡੀ.ਐਮਜ਼ ਵਲੋਂ ਸਿੱਧੀ ਬਿਜਾਈ ਦੇ ਪ੍ਰਦਰਸ਼ਨੀ ਪਲਾਂਟਾਂ ਦਾ ਦੌਰਾ ਕੀਤਾ ਗਿਆ।
 ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਸ਼ੁਸ਼ੀਲ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਹਿਲੀ ਤੋਂ 15 ਜੂਨ ਤੱਕ ਝੋਨੇ ਦੀ ਸਿੱਧੀ ਬਿਜਾਈ ਲਈ ਢੁਕਵਾਂ ਸਮਾਂ ਕਰਾਰ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਕੋਵਿਡ ਕਾਰਨ ਲੇਬਰ ਦੀ ਕਮੀ ਦੇ ਮੱਦੇਨਜ਼ਰ ਸਿੱਧੀ ਬਿਜਾਈ ਕਿਸਾਨਾਂ ਲਈ ਵਿੱਤੀ ਤੌਰ ’ਤੇ ਵੀ ਲਾਹੇਵੰਦ ਹੈ ਕਿਉਂਕਿ ਇਸ ਨਾਲ ਪ੍ਰਤੀ ਏਕੜ 3500 ਤੋਂ 4000 ਰੁਪੈ ਦੀ ਬਚਤ ਹੁੰਦੀ ਹੈ ਜਦਕਿ ਪਾਣੀ ਦੀ 10 ਤੋਂ 15 ਫੀਸਦੀ ਤੱਕ ਬਚਤ ਹੁੰਦੀ ਹੈ।
 ਕਿਸਾਨ ਦਵਿੰਦਰ ਸਿੰਘ ਨੇ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਪਿਛਲੇ ਸਾਲ ਸਿੱਧੀ ਬਿਜਾਈ ਨਾਲ ਉਨ੍ਹਾਂ ਦਾ ਨਾ  ਸਿਰਫ ਲਵਾਈ ਦਾ ਖਰਚਾ ਘੱਟ ਹੋਇਆ ਸੀ ਸਗੋਂ ਝੋਨੇ ਦੇ ਝਾੜ ਵਿਚ ਵੀ ਕੋਈ ਕਮੀ ਨਹੀਂ ਆਈ ਸੀ। 

ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਨੇੜੇ ਇਕ ਬੰਬੀ ਵਿਖੇ ਹੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਤੇ ਲਾਭਾਂ , ਖਾਦਾਂ ਦੀ ਵਰਤੋਂ ਬਾਰੇ ਜਾਣੂੰ ਕਰਵਾਉਣ ਲਈ ਇਕ ਕਿਤਾਬਚਾ ਵੀ ਜਾਰੀ ਕੀਤਾ ਗਿਆ। ਇਸ ਮੌਕੇ ਖੇਤੀਬਾੜੀ ਅਫਸਰ ਡਾ. ਅਸ਼ਵਨੀ, ਡਾ. ਐਚ.ਪੀ.ਐਸ. ਭਰੋਤ, ਡਾ. ਬਲਕਾਰ ਸਿੰਘ, ਏ.ਡੀ.ਓ ਡਾ. ਵਿਸ਼ਾਲ ਕੌਸਲ ਤੇ ਹੋਰ ਅਧਿਕਾਰੀ ਤੇ ਕਿਸਾਨ ਹਾਜ਼ਰ ਸਨ।