ਪੈਟਰੋਲ ਪੰਪ ਦੇ ਸੁਰੱਖਿਆ ਕਰਮੀ ਨੂੰ ਗੋਲੀ ਮਾਰ ਕੇ ਲੁਟੇਰਿਆਂ ਨੇ ਖੋਹੀ ਰਫ਼ਲ

0
82

ਅੰਮ੍ਰਿਤਸਰ (TLT) ਥਾਣਾ ਕੰਬੋਅ ਅਧੀਨ ਆਉਂਦੇ ਪਿੰਡ ਬਾਊਲੀ ਨੇੜੇ ਸਥਿਤ ਪੈਟਰੋਲ ਪੰਪ ‘ਤੇ ਬੀਤੀ ਰਾਤ ਲੁਟੇਰਿਆਂ ਨੇ ਗੋਲ਼ੀ ਮਾਰ ਕੇ ਸੁਰੱਖਿਆ ਗਾਰਡ ਕੋਲੋਂ ਉਸ ਦੀ ਬੰਦੂਕ ਖੋਹ ਲਈ। ਮਿਲੀ ਜਾਣਕਾਰੀ ਅਨੁਸਾਰ ਰਾਤ ਸਾਢੇ ਦੱਸ ਵਜੇ ਦੇ ਕਰੀਬ ਮੋਟਰਸਾਈਕਲ ‘ਤੇ ਤਿੰਨ ਲੁਟੇਰੇ ਪਿੰਡ ਬਾਊਲੀ ਨੇੜੇ ਸਥਿਤ ਸ਼ਿਵਾ ਫਿਲਿੰਗ ਸਟੇਸ਼ਨ ‘ਤੇ ਮੋਟਰਸਾਈਕਲ ‘ਚ ਪੈਟਰੋਲ ਪਾਉਣ ਦੇ ਬਹਾਨੇ ਆਏ ਤੇ ਉਨ੍ਹਾਂ ਇੱਥੇ ਡਿਊਟੀ ‘ਤੇ ਤਾਇਨਾਤ ਸੁਰੱਖਿਆ ਗਾਰਡ ਹਰਜੀਤ ਸਿੰਘ ਵਾਸੀ ਪਿੰਡ ਅਟੱਲਗੜ੍ਹ ‘ਤੇ ਗੋਲ਼ੀ ਚਲਾ ਦਿੱਤੀ। ਸੁਰੱਖਿਆ ਗਾਰਡ ਦੇ ਜ਼ਖ਼ਮੀ ਹੋਣ ‘ਤੇ ਲੁਟੇਰੇ ਉਸ ਦੀ ਦੋਨਾਲੀ ਬੰਦੂਕ ਖੋਹ ਕੇ ਲੈ ਗਏ। ਜ਼ਖ਼ਮੀ ਹਰਜੀਤ ਸਿੰਘ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਕੰਬੋਅ ਦੇ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪੈਟਰੋਲ ਪੰਪ ਤੇ ਇਸ ਦੇ ਨੇੜੇ ਤੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਤਸਵੀਰਾਂ ਦੀ ਪੜਤਾਲ ਕੀਤੀ ਜਾ ਰਹੀ ਹੈ।