ਟਾਂਡਾ ਪੁਲਿਸ ਨੇ ਵਿਆਹੁਤਾ ਔਰਤ ਦਾ ਕਾਤਲ ਕੀਤਾ ਗ੍ਰਿਫ਼ਤਾਰ, ਸੱਸ ਅਜੇ ਫਰਾਰ

0
86

ਟਾਂਡਾ ਉੜਮੁੜ (TLT) ਥਾਣਾ ਟਾਂਡਾ ਪੁਲਿਸ ਨੇ ਪਿੰਡ ਤਲਵੰਡੀ ਡੱਡੀਆਂ ਦੀ ਵਿਆਹੁਤਾ ਔਰਤ ਦਾ ਕਤਲ ਕਰਕੇ ਫਰਾਰ ਹੋਏ ਉਸਦੇ ਹਤਿਆਰੇ ਪਤੀ ਸੁਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਮ੍ਰਿਤਕ ਔਰਤ ਦੀ ਸੱਸ ਗੁਰਮੀਤ ਕੌਰ ਅਜੇ ਫਰਾਰ ਹੈ, ਜਿਸ ਦੀ ਭਾਲ ‘ਚ ਟਾਂਡਾ ਪੁਲਿਸ ਵਲੋਂ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਟਾਂਡਾ ਇੰਸਪੈਕਟਰ ਬਿਕਰਮ ਸਿੰਘ ਨੇ ਦੱਸਿਆ ਕਿ ਹੈ ਕਿ ਬੀਤੇ ਦਿਨ ਥਾਣਾ ਟਾਂਡਾ ਅਧੀਨ ਪੈਂਦੇ ਪਿੰਡ ਤਲਵੰਡੀ ਡੱਡੀਆਂ ਵਿਖੇ ਇੱਕ ਵਿਅਕਤੀ ਸੁਖਵਿੰਦਰ ਸਿੰਘ ਨੇ ਆਪਣੀ ਪਤਨੀ ਜਸਬੀਰ ਕੌਰ ਨਾਲ ਕੁੱਟਮਾਰ ਕੀਤੀ ਸੀ, ਜਿਸ ਕਾਰਨ ਬਾਅਦ ‘ਚ ਜਸਬੀਰ ਕੌਰ ਦੀ ਮੌੌਤ ਹੋ ਗਈ ਸੀ ਤੇ ਦੋਵੇਂ ਮੁਲਜ਼ਮ ਘਰੋਂ ਫਰਾਰ ਹੋ ਗਏ ਸਨ। ਟਾਂਡਾ ਪੁਲਿਸ ਨੇ ਮ੍ਰਿਤਕ ਦੇ ਭਰਾ ਜਗਤਾਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਮ੍ਰਿਤਕ ਦੇ ਪਤੀ ਸੁਖਵਿੰਦਰ ਸਿੰਘ ਤੇ ਸੱਸ ਗੁਰਮੀਤ ਕੌਰ ਖ਼ਿਲਾਫ਼ ਕਤਲ ਦਾ ਪਰਚਾ ਮਾਮਲਾ ਦਰਜ ਕੀਤਾ ਸੀ। ਟਾਂਡਾ ਪੁਲਿਸ ਵਲੋਂ ਜਸਬੀਰ ਕੌਰ ਦੇ ਹਤਿਆਰੇ ਪਤੀ ਤੇ ਸੱਸ ਦੀ ਤਲਾਸ਼ ‘ਚ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਸੀ, ਇਸ ਛਾਪੇਮਾਰੀ ਦੌਰਾਨ ਮੁਲਜ਼ਮ ਸੁਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਮੁਲਜ਼ਮ ਗੁਰਮੀਤ ਕੌਰ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਨੂੰ ਕਿ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।