ਨੌਜਵਾਨ ਨੇ ਫਾਹਾ ਲਾ ਕੇ ਜੀਵਨ ਲੀਲ੍ਹਾ ਕੀਤੀ ਸਮਾਪਤ, ਪੁਲਿਸ ਕਰ ਰਹੀ ਜਾਂਚ

0
46

ਫਗਵਾੜਾ (ਹਰਪ੍ਰੀਤ ਕਾਹਲੋਂ) ਫਗਵਾੜਾ ਦੇ ਨਜ਼ਦੀਕੀ ਪਿੰਡ ਢੱਕ ਪੰਡੋਰੀ ਵਿਖੇ ਇਕ ਨੌਜਵਾਨ ਵਲੋਂ ਆਪਣੀ ਦੁਕਾਨ ਅੰਦਰ ਫਾਹਾ ਲਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਫਗਵਾੜਾ ਦੀ ਪੁਲਿਸ ਮੌਕੇ ‘ਤੇ ਪੁੱਜੀ ਅਤੇ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਜਾਣਕਾਰੀ ਮੁਤਾਬਕ ਪਿੰਡ ਦੇ ਵਸਨੀਕ ਵਿਜੇ ਪੰਡੋਰੀ ਨੇ ਦੱਸਿਆਂ ਕਿ ਮ੍ਰਿਤਕ ਅਮਰ ਸੁਨੀਲ ਦਾ ਪਿਤਾ ਵਿਦੇਸ਼ ‘ਚ ਹੈ, ਮਾਤਾ ਘਰੇਲੂ ਮਹਿਲਾ ਹੈ, ਨੌਜਵਾਨ ਦਾ ਇਕ ਛੋਟਾ ਭਰਾ ਹੈ ਤੇ ਭੈਣ ਦਾ ਵਿਆਹ ਹੋ ਚੁੱਕਾ ਹੈ। ਮ੍ਰਿਤਕ ਗੱਡੀਆਂ ਦੀ ਰਿਪੇਅਰ ਦਾ ਕੰਮ ਕਰਦਾ ਸੀ ਉਨ੍ਹਾਂ ਦੱਸਿਆ ਕਿ ਘਰੋਂ ਮ੍ਰਿਤਕ ਅਮਰ ਸੁਨੀਲ ਰਿਸ਼ਤੇਦਾਰਾਂ ਦੇ ਖੇਤਾਂ ‘ਚ ਵਾਹੀ ਕਰਨ ਗਿਆ ਸੀ ਪਰ ਟ੍ਰੈਕਟਰ ਦੁਕਾਨ ਦੇ ਬਾਹਰ ਖੜ੍ਹਾ ਕਰ ਕੇ ਆਪ ਦੁਕਾਨ ਅੰਦਰ ਜਾ ਵੜਿਆ, ਜਦੋਂ ਕਾਫੀ ਦੇਰ ਉਹ ਘਰ ਨਹੀਂ ਆਇਆ ਤਾਂ ਦੁਕਾਨ ‘ਤੇ ਜਾ ਕੇ ਦੇਖਿਆ ਤਾਂ ਉਸ ਨੇ ਫਾਹਾ ਲਾਇਆ ਹੋਇਆ ਸੀ। ਉਨ੍ਹਾਂ ਦੇ ਪਰਿਵਾਰ ‘ਚ ਕਦੇ ਕੋਈ ਲੜਾਈ ਝਗੜਾ ਵੀ ਨਹੀਂ ਸੁਣਿਆ।
ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਏਐੱਸਆਈ ਨਿਰਮਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਸੂਚਨਾ ਮਿਲੀ ਕਿ ਪਿੰਡ ਢੱਕ ਪੰਡੋਰੀ ਦੇ 25 ਸਾਲ ਦੇ ਨੌਜਵਾਨ ਨੇ ਆਪਣੀ ਹੀ ਦੁਕਾਨ ਅੰਦਰ ਹੀ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ। ਮੌਕੇ ‘ਤੇ ਪੁੱਜ ਕੇ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ‘ਚ ਰੱਖਵਾ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਦੁਕਾਨ ਦੇ ਅੰਦਰ ਜਾ ਕੇ ਦੇਖਿਆ ਤਾਂ ਮ੍ਰਿਤਕ ਅਮਰ ਸੁਨੀਲ ਪੁੱਤਰ ਹਰਬੰਸ ਲਾਲ ਵਾਸੀ ਢੱਕ ਪੰਡੋਰੀ ਨੇ ਰੱਸੀ ਬੰਨ੍ਹ ਕੇ ਆਪਣੇ ਆਪ ਨੂੰ ਲਟਕਾ ਲਿਆ ਸੀ ਜਿਸ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਉਤਾਰ ਕੇ ਸਿਵਲ ਹਸਪਤਾਲ ਦੀ ਭੇਜ ਦਿੱਤਾ ਗਿਆ। ਜਾਂਚ ਕਰਨ ਦੌਰਾਨ ਕੋਈ ਵੀ ਸੁਸਾਈਡ ਨੋਟ ਨਹੀਂ ਮਿਲਿਆ। ਘਰ ਦੇ ਪਰਿਵਾਰਕ ਤੋਂ ਪੁੱਛ ਗਿੱਛ ਕਰ ਅਗਲੀ ਕਾਰਵਾਈ ਕੀਤੀ ਜਾਵੇਗੀ।