ਬਠਿੰਡਾ-ਡੱਬਵਾਲੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਕਾਰ ਸਵਾਰ ਤਿੰਨ ਚਚੇਰੇ ਭਰਾਵਾਂ ਦੀ ਦਰਦਨਾਕ ਮੌਤ

0
46

ਸੰਗਤ ਮੰਡੀ (TLT) ਬਠਿੰਡਾ-ਡੱਬਵਾਲੀ ਸੜਕ ‘ਤੇ ਸਥਿਤ ਪਿੰਡ ਪਥਰਾਲਾ ਨੇੜੇ ਦੇਰ ਰਾਤ ਕਾਰ ਅਤੇ ਅਣਪਛਾਤੇ ਵਾਹਨ ਦਰਮਿਆਨ ਟੱਕਰ ਹੋ ਗਈ ਜਿਸ ਕਾਰਨ ਕਾਰ ਸਵਾਰ ਤਿੰਨ ਚਚੇਰੇ ਭਰਾਵਾਂ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੰਗਤ ਬਲਾਕ ਦੇ ਪਿੰਡ ਰੁਲਦੂ ਸਿੰਘ ਵਾਲਾ ਦੇ ਰਹਿਣ ਵਾਲੇ ਤਿੰਨ ਚਚੇਰੇ ਭਰਾ ਆਪਣੀ ਮਰੂਤੀ ਕਾਰ ਨੰਬਰ ਡੀਐਲ 08 ਸੀਡੀ 8647 ਰਾਹੀਂ ਦੇਰ ਰਾਤ ਡੱਬਵਾਲੀ ਤੋਂ ਵਾਪਸ ਆ ਰਹੇ ਸਨ। ਪਿੰਡ ਪਥਰਾਲਾ ਨੇੜੇ ਕੋਈ ਅਣਪਛਾਤਾ ਵਾਹਨ ਇਨ੍ਹਾਂ ਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ। ਹਾਦਸੇ ਵਿਚ ਤਿੰਨੋਂ ਨੌਜਵਾਨਾਂ ਦੀ ਮੌਤ ਹੋ ਗਈ ਜਿਨ੍ਹਾਂ ਦੀ ਪਛਾਣ ਚਾਨਣ ਸਿੰਘ (24 ਸਾਲ) ਪੁੱਤਰ ਗੁਰਤੇਜ ਸਿੰਘ, ਜਗਜੀਤ ਸਿੰਘ (22 ਸਾਲ) ਪੁੱਤਰ ਹਰੀ ਸਿੰਘ ਅਤੇ ਅਮਨਦੀਪ ਸਿੰਘ (28 ਸਾਲ ) ਪੁੱਤਰ ਜਸਵੀਰ ਸਿੰਘ ਵਜੋਂ ਹੋਈ ਹੈ। ਪਥਰਾਲਾ ਚੌਕੀ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਲਾਸ਼ਾਂ ਨੂੰ ਕਾਰ ‘ਚੋਂ ਕੱਢਿਆ ਗਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਭੇਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਤਿੰਨੇ ਉਸਾਰੀ ਮਿਸਤਰੀ ਸਨ ਅਤੇ ਨਵੇਂ ਮਕਾਨ ਦੀ ਛੱਤ ਪਾ ਕੇ ਵਾਪਸ ਆ ਰਹੇ ਸਨ।