ਕੋਰੋਨਾ ਪੀੜਤਾਂ ਨੂੰ ਕਾਲੀ ਉੱਲੀ ਤੋਂ ਬਾਅਦ ਐਸਪ੍ਰਗਲੋਸਿਸ ਉੱਲੀ ਦੀ ਸ਼ਿਕਾਇਤ ਆਉਣ ਲੱਗੀ

0
88

ਲੁਧਿਆਣਾ (TLT) ਕੋਰੋਨਾ ਪੀੜਤ ਮਰੀਜ਼ਾਂ ਵਿਚ ਕਾਲੀ ਉੱਲੀ ਦੀ ਬਿਮਾਰੀ ਤੋਂ ਬਾਅਦ ਐਸਪ੍ਰਗਲੋਸਿਸ ਨਾਂ ਦੀ ਉੱਲੀ ਦੀ ਸ਼ਿਕਾਇਤ ਸਾਹਮਣੇ ਆਉਣ ਲੱਗੀ ਹੈ, ਜੋ ਬਹੁਤ ਹੀ ਚਿੰਤਾਜਨਕ ਹੈ। ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਿਚ ਮੈਡੀਸਨ ਵਿਭਾਗ ਵਿਚ ਤਾਇਨਾਤ ਡਾ ਰਾਜੇਸ਼ ਮਹਾਜਨ ਨੇ ਦੱਸਿਆ ਕਿ ਐਸਪ੍ਰਗਲੋਸਿਸ ਨਾਂ ਦੀ ਉੱਲੀ ਕੋਈ ਨਵੀਂ ਗੱਲ ਨਹੀਂ ਪਰ ਕੋਵਿਡ ਤੋਂ ਪੀੜਤ ਮਰੀਜ਼ਾਂ ਵਿਚ ਇਸ ਉੱਲੀ ਦੀ ਸ਼ਿਕਾਇਤ ਜ਼ਿਆਦਾ ਪਾਈ ਜਾਣ ਲੱਗੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਆਮ ਤੌਰ ਤੇ ਇਹ ਉੱਲੀ ਉਨ੍ਹਾਂ ਮਰੀਜ਼ਾਂ ਵਿਚ ਪਾਈ ਜਾ ਰਹੀ ਹੈ, ਜਿਨ੍ਹਾਂ ਨੂੰ ਕੋਵਿਡ ਦੌਰਾਨ ਸਟੀਰਾਇਡ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਬਹੁਤ ਸਾਰੇ ਮਰੀਜ਼ਾਂ ਨੇ ਡਾਕਟਰ ਦੀ ਸਲਾਹ ਤੋਂ ਸਟੀਰਾਇਡ ਦਵਾਈ ਦੀ ਵਰਤੋਂ ਕੀਤੀ, ਜਿਸ ਕਰ ਕੇ ਉਨ੍ਹਾਂ ਨੂੰ ਐਸਪ੍ਰਗਲੋਸਿਸ ਉੱਲੀ ਦੀ ਸ਼ਿਕਾਇਤ ਹੋਣ ਦੀ ਸੰਭਾਵਨਾ ਵਧ ਹੁੰਦੀ ਹੈ। ਉਨ੍ਹਾਂ ਅੱਗੇ ਦੱਸਿਆ ਐਸਪ੍ਰਗਲੋਸਿਸ ਉੱਲੀ ਦੌਰਾਨ ਮਰੀਜ਼ ਨੂੰ ਨਮੂਨੀਆ ਹੋ ਜਾਂਦਾ, ਖੰਘ ਆਉਂਦੀ ਹੈ ਬੁਖ਼ਾਰ ਹੁੰਦਾ ਹੈ, ਨੱਕ ਚੋਂ ਪਾਣੀ ਵਗਦਾ, ਜ਼ੁਕਾਮ ਹੁੰਦਾ ਹੈ ਅਤੇ ਇਸ ਦੀ ਪੁਸ਼ਟੀ ਉਕਤ ਉੱਲੀ ਨਾਲ ਸਬੰਧਿਤ ਲੈਬ ਜਾਂਚ ਦੌਰਾਨ ਹੀ ਹੁੰਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਹ ਉੱਲੀ ਵੀ ਇਲਾਜ ਯੋਗ ਹੈ ਅਤੇ ਮਰੀਜ਼ਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਡਾ ਮਹਾਜਨ ਦਾ ਕਹਿਣਾ ਹੈ ਕਿ ਇਹ ਉੱਲੀ ਫੇਫੜਿਆਂ ਵਿਚ ਵੀ ਹੁੰਦੀ ਹੈ, ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਉੱਲੀ ਨੁਕਸਾਨਦੇਹ ਸਾਬਤ ਹੁੰਦੀ ਹੈ।