ਘਰੇਲੂ ਵਿਵਾਦ ‘ਚ ਘਿਰੇ ਲਹਿੰਬਰ ਹੁਸੈਨਪੁਰੀ , ਪਤਨੀ ਤੇ ਬੱਚਿਆਂ ਨੇ ਲਾਇਆ ਕੁੱਟਮਾਰ ਦਾ ਦੋਸ਼

0
112

ਜਲੰਧਰ (ਰਮੇਸ਼ ਗਾਬਾ)
ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ’ਤੇ ਉਸ ਦੀ ਪਤਨੀ, ਬੱਚਿਆਂ ਅਤੇ ਸਾਲੀ ਨੇ ਕੁੱਟਮਾਰ ਕਰਨ ਦਾ ਦੋਸ਼ ਲਾਇਆ ਹੈ। ਘਰ ਦੇ ਬਾਹਰ ਕਰੀਬ ਦੋ ਘੰਟੇ ਤਕ ਹੰਗਾਮੇ ਤੋਂ ਬਾਅਦ ਥਾਣਾ ਭਾਰਗੋ ਕੈਂਪ ਦੇ ਇੰਚਾਰਜ ਭਗਵੰਤ ਸਿੰਘ ਭੁੱਲਰ ਮੌਕੇ ’ਤੇ ਪਹੁੰਚੇ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਲਹਿੰਬਰ ਹੁਸੈਨਪੁਰੀ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਉਸ ਦੀ ਸਾਲੀ ਦੀਆਂ ਗੱਲਾਂ ’ਚ ਆ ਕੇ ਪਤਨੀ ਝਗੜਾ ਕਰ ਰਹੀ ਹੈ ਅਤੇ ਸੋਮਵਾਰ ਨੂੰ ਸਾਰਿਆਂ ਨੇ ਉਸ ’ਤੇ ਹਮਲਾ ਕਰ ਦਿੱਤਾ। ਥਾਣਾ ਇੰਚਾਰਜ ਭੁੱਲਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


ਜਾਣਕਾਰੀ ਮੁਤਾਬਕ ਲਹਿੰਬਰ ਹੁਸੈਨਪੁਰੀ ਦੀ ਸਾਲੀ ਰਜਨੀ ਅਰੋੜਾ ਨੇ ਕਿਹਾ ਕਿਉਸ ਦਾ ਘਰ ਵੀ ਲਹਿੰਬਰ ਦੇ ਘਰ ਦੇ ਸਾਹਮਣੇ ਹੀ ਹੈ।ਉਨ੍ਹਾਂ ਦੀ ਭੈਣ ਦੇ ਨਾਲ ਜੀਜਾ ਦਾ ਵਿਆਹ 14 ਸਾਲ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ। ਉਨ੍ਹਾਂ ਦਾ ਜੀਜਾ ਉਨ੍ਹਾਂ ਦੀ ਭੈਣ ਤੇ ਸ਼ੱਕ ਕਰਦਾ ਸੀ ਅਤੇ ਗੰਦੀਆਂ ਗਾਲ੍ਹਾਂ ਕੱਢਦਾ ਸੀ। ਜੀਜੇ ਨੇ ਘਰ ਵਿੱਚ ਸਭ ਬੈੱਡਰੂਮ ਵਿਚ ਤੇ ਬਾਥਰੂਮ ਵਿੱਚ ਸੀਸੀਟੀਵੀ ਲਗਵਾਏ ਹਨ। ਉਸ ਨੇ ਦੱਸਿਆ ਕਿ ਘਰ ’ਤੇ ਕਿਰਾਏਦਾਰ ਰੱਖਣੇ ਸਨ ਜਿਸ ਲਈ ਕੁਝ ਲੋਕਾਂ ਨੂੰ ਕਿਹਾ ਗਿਆ ਸੀ। ਸੋਮਵਾਰ ਸ਼ਾਮ ਨੂੰ ਕਿਰਾਏਦਾਰ ਘਰ ਵੇਖਣ ਲਈ ਆਏ ਤਾਂ ਲਹਿੰਬਰ ਨੇ ਉਨ੍ਹਾਂ ’ਤੇ ਦੋਸ਼ ਲਾਇਆ ਕਿ ਉਹ ਗ਼ਲਤ ਆਦਮੀ ਲੈ ਕੇ ਘਰ ਆ ਗਈ ਹੈ। ਉਸ ਨੇ ਦੋਸ਼ ਲਾਇਆ ਕਿ ਲਹਿੰਬਰ ਆਪਣੇ ਸਾਥੀਆਂ ਨੂੰ ਲੈ ਕੇ ਆਇਆ ਅਤੇ ਪਿਸਤੌਲ ਤੇ ਹਥਿਆਰ ਲਹਿਰਾਏ ਤੇ ਸਾਰਿਆਂ ਨੂੰ ਬੁਰੀ ਤਰ੍ਹਾਂ ਕੁੱਟਿਆ। ਦੋਸ਼ ਸੀ ਕਿ ਲਹਿੰਬਰ ਨੇ ਆਪਣੀ ਪਤਨੀ, ਸਾਲੀ, ਬੱਚਿਆਂ ਅਤੇ ਦੂਜੇ ਸ਼ਹਿਰ ਤੋਂ ਇਲਾਜ ਕਰਵਾਉਣ ਲਈ ਆਈ ਸਾਲੀ ਨੂੰ ਵੀ ਕੁੱਟਿਆ।
ਉੱਧਰ, ਲਹਿੰਬਰ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਸ ਨੇ ਦੱਸਿਆ ਕਿ ਉਸ ਦੀਆਂ ਤਿੰਨ ਸਾਲੀਆਂ ਹਨ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਆਪਣੀ ਛੋਟੀ ਭੈਣ ਦੀਆਂ ਗੱਲਾਂ ’ਚ ਆ ਕੇ ਝਗੜਾ ਕਰਨ ਲੱਗੀ ਹੈ। ਸੋਮਵਾਰ ਨੂੰ ਉਨ੍ਹਾਂ ਨੇ ਕੁਝ ਲੋਕਾਂ ਨੂੰ ਘਰ ਬੁਲਾਇਆ ਅਤੇ ਉਸ ਨੇ ਆਪਣੇ ਕੈਮਰੇ, ਜੋ ਘਰ ’ਚ ਲਾਏ ਗਏ ਹਨ, ਤੋਂ ਦਫ਼ਤਰ ਬੈਠੇ ਸਭ ਵੇਖ ਲਿਆ। ਉਹ ਘਰ ਪਹੁੰਚਿਆ ਅਤੇ ਕਿਹਾ ਕਿ ਅਣਜਾਣ ਲੋਕਾਂ ਨੂੰ ਘਰ ਕਿਉਂ ਬੁਲਾਇਆ ਹੈ ਤਾਂ ਉਸ ਦੀ ਸਾਲੀ ਨੇ ਉਸ ’ਤੇ ਹੱਥ ਚੁੱਕ ਦਿੱਤਾ ਅਤੇ ਕੱਪੜੇ ਵੀ ਪਾੜ ਦਿੱਤੇ।
ਥਾਣਾ ਇੰਚਾਰਜ ਭਗਵੰਤ ਸਿੰਘ ਭੁੱਲਰ ਨੇ ਦੱਸਿਆ ਕਿ ਸ਼ਿਕਾਇਤ ਆਈ ਹੈ। ਘਰੇਲੂ ਵਿਵਾਦ ਹੈ, ਜਿਸ ਕਾਰਨ ਦੋਵਾਂ ਧਿਰਾਂ ਨੂੰ ਐੱਮਐੱਲਆਰ ਦੇ ਨਾਲ ਆ ਕੇ ਬਿਆਨ ਦੇਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।