ਕੇਂਦਰ ਸਰਕਾਰ ਦਾ ਕਿਸਾਨਾਂ ਨੂੰ ਇੱਕ ਹੋਰ ਝਟਕਾ, ਪੰਜਾਬ ਤੇ ਹਰਿਆਣਾ ‘ਤੇ ਕਰੋੜਾਂ ਦਾ ਨਵਾਂ ਬੋਝ

0
70

ਚੰਡੀਗੜ੍ਹ (TLT) ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਇੱਕ ਹੋਰ ਝਟਕਾ ਦਿੱਤਾ ਹੈ। ਸਰਕਾਰ ਨੇ ਨਰਮੇ ਦੇ ਬੀਟੀ ਬੀਜਾਂ ਦੀ ਕੀਮਤ ਵਧਾ ਦਿੱਤੀ ਹੈ। ਇਸ ਨਾਲ ਪੰਜਾਬ ਦੇ ਕਿਸਾਨਾਂ ’ਤੇ ਕਰੀਬ ਛੇ ਕਰੋੜ ਰੁਪਏ ਤੇ ਹਰਿਆਣਾ ਦੇ ਕਿਸਾਨਾਂ ’ਤੇ ਕਰੀਬ 13.61 ਕਰੋੜ ਰੁਪਏ ਦਾ ਵਾਧੂ ਭਾਰ ਪਵੇਗਾ। ਪਹਿਲਾਂ ਹੀ ਅੰਦੋਲਨ ਦੇ ਰਾਹ ਪਏ ਕਿਸਾਨਾਂ ਨੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਹੈ।

ਇਸ ਬਾਰੇ ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਲੀਡਰ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਹਰ ਫ਼ੈਸਲਾ ਕਿਸਾਨਾਂ ਦੇ ਉਲਟ ਲੈ ਰਹੀ ਹੈ। ਇਸੇ ਕੜੀ ਵਿੱਚ ਬੀਟੀ ਬੀਜਾਂ ਦੇ ਭਾਅ ਵਿੱਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਖੁੰਦਕ ਵਿੱਚ ਕਿਸਾਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ।

ਹਾਸਲ ਜਾਣਕਾਰੀ ਅਨੁਸਾਰ ਕੇਂਦਰੀ ਖੇਤੀ ਮੰਤਰਾਲੇ ਵੱਲੋਂ ਕਾਟਨ ਸੀਡ ਪ੍ਰਾਈਸ (ਕੰਟਰੋਲ) ਆਰਡਰ 2015 ਤਹਿਤ ਨੋਟੀਫਿਕੇਸ਼ਨ ਜਾਰੀ ਕਰ ਕੇ ਬੀਟੀ ਬੀਜ ਦੇ ਪੈਕਟ ਦੀ ਕੀਮਤ ਐਤਕੀਂ 767 ਰੁਪਏ ਮਿੱਥ ਦਿੱਤੀ ਗਈ ਹੈ ਜਦਕਿ ਪਿਛਲੇ ਵਰ੍ਹੇ ਇਸ ਦੀ ਕੀਮਤ 730 ਰੁਪਏ ਸੀ। ਪ੍ਰਤੀ ਪੈਕਟ 37 ਰੁਪਏ ਦਾ ਵਾਧਾ ਕੀਤਾ ਗਿਆ ਹੈ। ਖੇਤੀ ਮਾਹਿਰਾਂ ਅਨੁਸਾਰ ਪ੍ਰਤੀ ਹੈਕਟੇਅਰ ’ਚ ਪੰਜ ਪੈਕਟ ਬੀਟੀ ਬੀਜ ਦੀ ਸਿਫ਼ਾਰਸ਼ ਕੀਤੀ ਗਈ ਹੈ। ਕਿਸਾਨਾਂ ਨੂੰ ਹੁਣ ਪ੍ਰਤੀ ਹੈਕਟੇਅਰ ਲਈ ਬੀਟੀ ਬੀਜ ’ਤੇ 3835 ਰੁਪਏ ਖ਼ਰਚਣੇ ਪੈਣਗੇ।

ਪੰਜਾਬ ਵਿੱਚ ਨਵੇਂ ਵਾਧੇ ਮਗਰੋਂ ਕਰੀਬ 125 ਕਰੋੜ ਦੇ ਬੀਟੀ ਬੀਜਾਂ ਦਾ ਕਾਰੋਬਾਰ ਹੋਵੇਗਾ। ਖੇਤੀ ਵਿਭਾਗ ਵੱਲੋਂ ਇਸ ਵਾਰ ਪੰਜਾਬ ’ਚ 3.25 ਲੱਖ ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਂਦ ਦਾ ਟੀਚਾ ਤੈਅ ਕੀਤਾ ਗਿਆ ਹੈ ਜਿਸ ਲਈ ਬੀਟੀ ਬੀਜ ਦੇ ਕਰੀਬ 16.25 ਲੱਖ ਪੈਕਟਾਂ ਦੀ ਲੋੜ ਪਵੇਗੀ। ਖੇਤੀ ਵਿਭਾਗ ਨੇ ਕਰੀਬ 26 ਲੱਖ ਬੀਟੀ ਬੀਜ ਦੇ ਪੈਕਟਾਂ ਦਾ ਇੰਤਜ਼ਾਮ ਕੀਤਾ ਹੈ।

ਇਸੇ ਤਰ੍ਹਾਂ ਹਰਿਆਣਾ ’ਚ 7.36 ਲੱਖ ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਦਾ ਅਨੁਮਾਨ ਹੈ ਅਤੇ ਹਰਿਆਣਾ ’ਚ ਨਵੇਂ ਵਾਧੇ ਨਾਲ ਕਰੀਬ 13.61 ਕਰੋੜ ਦਾ ਕਿਸਾਨਾਂ ਨੂੰ ਵੱਧ ਤਾਰਨੇ ਪੈਣਗੇ। ਸਾਲ 2019 ਵਿੱਚ ਬੀਟੀ ਬੀਜ ਦੀ ਕੀਮਤ 730 ਰੁਪਏ ਪ੍ਰਤੀ ਪੈਕਟ ਸੀ ਤੇ ਸਾਲ 2020 ਵਿੱਚ ਇਸ ਦੀ ਕੀਮਤ ਵਿੱਚ ਕੋਈ ਵਾਧਾ ਨਹੀਂ ਹੋਇਆ ਸੀ।