ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਦੇਸ਼ ‘ਚ ਮੁੜ ਲੌਕਡਾਊਨ ਦਾ ਦੌਰ, ਇਸ ਵਾਰ ਨਹੀਂ ਹੋਏਗਾ ਸਭ ਕੁਝ ਬੰਦ

0
51

ਨਵੀਂ ਦਿੱਲੀ (TLT) ਭਾਰਤ ਵਿੱਚ ਕਰੋਨਾਵਾਇਰਸ ਦੀ ਦੂਜੀ ਲਹਿਰ ਨੇ ਹਾਹਾਕਾਰ ਮਚਾ ਦਿੱਤੀ ਹੈ। ਐਤਵਾਰ ਨੂੰ 93,249 ਨਵੇਂ ਕੇਸ ਸਾਹਮਣੇ ਆਉਣ ਮਗਰੋਂ ਸਰਕਾਰ ਦੀ ਚਿੰਤਾ ਵਧ ਗਈ ਹੈ। ਮੌਜੂਦਾ ਸਾਲ ਵਿੱਚ ਇੱਕ ਦਿਨ ’ਚ ਸਾਹਮਣੇ ਆਉਣ ਵਾਲੇ ਨਵੇਂ ਕੇਸਾਂ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ 19 ਸਤੰਬਰ ਨੂੰ ਇਕ ਦਿਨ ਵਿੱਚ ਸਭ ਤੋਂ ਵੱਧ 93,337 ਨਵੇਂ ਕੇਸ ਸਾਹਮਣੇ ਆਏ ਸਨ। ਨਵੇਂ ਕੇਸਾਂ ਨਾਲ ਦੇਸ਼ ਵਿੱਚ ਕੁੱਲ ਕੇਸਾਂ ਦੀ ਗਿਣਤੀ ਵਧ ਕੇ 1,24,85,509 ’ਤੇ ਪਹੁੰਚ ਗਈ ਹੈ। ਦੇਸ਼ ਵਿੱਚ ਹੁਣ ਤੱਕ ਇਸ ਮਹਾਮਾਰੀ ਕਾਰਨ ਹੋਈਆਂ ਕੁੱਲ ਮੌਤਾਂ ਦੀ ਗਿਣਤੀ ਵਧ ਕੇ 1,64,623 ਹੋ ਗਈ ਹੈ।

ਤੇਜ਼ੀ ਨਾਲ ਵਧਦੇ ਕੇਸਾਂ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਹੰਗਾਮੀ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਰੋਨਾਵਾਇਰਸ ਦੀ ਸਥਿਤੀ ਤੇ ਇਸ ਮਹਾਮਾਰੀ ’ਤੇ ਰੋਕ ਲਾਉਣ ਲਈ ਬਣਾਈ ਗਈ ਵੈਕਸੀਨ ਦੇ ਟੀਕਾਕਰਨ ਪ੍ਰੋਗਰਾਮ ਦਾ ਜਾਇਜ਼ਾ ਲਿਆ। ਮੀਟਿੰਗ ਵਿੱਚ ਕੈਬਨਿਟ ਸਕੱਤਰ, ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ, ਸਿਹਤ ਸਕੱਤਰ ਤੇ ਨੀਤੀ ਆਯੋਗ ਦੇ ਮੈਂਬਰ ਸ਼ਾਮਲ ਸਨ।

ਇਸ ਦੇ ਨਾਲ ਹੀ ਦੇਸ਼ ਵਿੱਚ ਲੌਕਡਾਉਨ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਦੀ ਸ਼ੁਰੂਆਤ ਮਹਾਰਾਸ਼ਟਰ ਤੋਂ ਹੋਈ ਹੈ। ਉਂਝ ਇਸ ਵਾਰ ਸਭ ਕੁਝ ਬੰਦ ਨਹੀਂ ਕੀਤਾ ਜਾ ਰਿਹਾ। ਲੋੜ ਮੁਤਾਬਕ ਹੀ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਮਹਾਰਾਸ਼ਟਰ ਸਰਕਾਰ ਨੇ ਸੂਬੇ ਵਿੱਚ ਸ਼ੁੱਕਰਵਾਰ ਰਾਤ 8 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 7 ਵਜੇ ਤੱਕ ਤਾਲਾਬੰਦੀ ਕਰਨ ਦਾ ਐਲਾਨ ਕੀਤਾ ਹੈ। ਹਫ਼ਤੇ ਦੇ ਅਖ਼ੀਰ ਵਿੱਚ ਤਾਲਾਬੰਦੀ ਕਰਨ ਤੋਂ ਇਲਾਵਾ ਸੋਮਵਾਰ ਰਾਤ 8 ਵਜੇ ਤੋਂ ਸਖ਼ਤ ਪਾਬੰਦੀਆਂ ਵੀ ਲਾਗੂ ਹੋ ਜਾਣਗੀਆਂ। ਰਾਤ ਦਾ ਕਰਫਿਊ ਜਾਰੀ ਰਹੇਗਾ ਤੇ ਧਾਰਾ 144 ਤਹਿਤ ਜਾਰੀ ਕੀਤੇ ਗਏ ਪਾਬੰਦੀ ਦੇ ਹੁਕਮ ਹਫ਼ਤੇ ਦੌਰਾਨ ਦਿਨ ਵੇਲੇ ਲਾਗੂ ਰਹਿਣਗੇ।

ਮਹਾਰਾਸ਼ਟਰ ਵਿੱਚ ਸ਼ਾਪਿੰਗ ਮਾਲ, ਬਾਰ, ਰੈਸਟੋਰੈਂਟ, ਛੋਟੀਆਂ ਦੁਕਾਨਾਂ ਸਿਰਫ਼ ਸਾਮਾਨ ਪੈਕਿੰਗ ਕਰਵਾ ਕੇ ਲਿਜਾਣ ਤੇ ਪਾਰਸਲਾਂ ਲਈ ਖੁੱਲ੍ਹੀਆਂ ਰਹਿਣਗੀਆਂ। ਸਰਕਾਰੀ ਦਫ਼ਤਰ 50 ਫ਼ੀਸਦ ਮੁਲਾਜ਼ਮਾਂ ਨਾਲ ਕੰਮ ਕਰਨਗੇ। ਸਨਅਤਾਂ ਤੇ ਉਤਪਾਦਨ ਖੇਤਰ, ਸਬਜ਼ੀ ਮੰਡੀਆਂ ਵਿਸ਼ੇਸ਼ ਹਦਾਇਤਾਂ ਅਨੁਸਾਰ ਖੁੱਲ੍ਹਣਗੀਆਂ ਤੇ ਨਿਰਮਾਣ ਕਾਰਜ ਵਾਲੀਆਂ ਥਾਵਾਂ ’ਤੇ ਕੰਮ ਤਾਂ ਹੀ ਹੋਵੇਗਾ ਜੇਕਰ ਉੱਥੇ ਕਾਮਿਆਂ ਦੇ ਰਹਿਣ ਦੀ ਸੁਵਿਧਾ ਹੋਵੇਗੀ। ਥੀਏਟਰ, ਡਰਾਮਾ ਥੀਏਟਰ ਬੰਦ ਰਹਿਣਗੇ, ਜਦੋਂਕਿ ਫਿਲਮਾਂ ਤੇ ਟੀਵੀ ਸ਼ੋਅ ਦੀਆਂ ਸ਼ੂਟਿੰਗਾਂ ਜਾਰੀ ਰਹਿਣਗੀਆਂ ਜੇਕਰ ਉੱਥੇ ਭੀੜ ਨਾ ਹੋਵੇ।

ਪੰਜਾਬ ਵਿੱਚ ਕਰੋਨਾਵਾਇਰਸ ਦੇ ਕੇਸ ਵਧਦੇ ਜਾ ਰਹੇ ਹਨ। ਐਤਵਾਰ 51 ਵਿਅਕਤੀਆਂ ਦੀ ਮੌਤ ਹੋ ਗਈ, ਜਿਸ ਨਾਲ ਸੂਬੇ ਵਿੱਚ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ 7083 ’ਤੇ ਪਹੁੰਚ ਗਈ ਹੈ। 51 ਮੌਤਾਂ ’ਚੋਂ ਅੰਮ੍ਰਿਤਸਰ ’ਚ 10, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ ਤੇ ਲੁਧਿਆਣਾ ’ਚ 7-7, ਰੂਪਨਗਰ ਵਿੱਚ 4, ਮੁਹਾਲੀ ਤੇ ਪਟਿਆਲਾ ’ਚ 3-3, ਤਰਨ ਤਾਰਨ ’ਚ 2 ਅਤੇ ਬਠਿੰਡਾ ’ਚ ਇਕ ਵਿਅਕਤੀ ਦੀ ਮੌਤ ਹੋਈ ਹੈ। ਸਿਹਤ ਵਿਭਾਗ ਅਨੁਸਾਰ ਐਤਵਾਰ ਸੂਬੇ ਵਿੱਚ ਕਰੋਨਾ ਦੇ 3019 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 2955 ਮਰੀਜ਼ ਠੀਕ ਹੋਏ ਹਨ। ਇਸ ਵੇਲੇ ਸੂਬੇ ਵਿੱਚ 25,314 ਐਕਟਿਵ ਕੇਸ ਹਨ।