ਪਟਿਆਲਾ ਦੇ ਨੌਜਵਾਨ ਤੀਰਅੰਦਾਜ਼ਾਂ ਦਾ ਕਮਾਲ, ਏਸ਼ੀਆ ਕੱਪ ਲਈ ਕੀਤਾ ਕੁਆਲੀਫਾਈ

0
30

ਪਟਿਆਲਾ (TLT) ਜ਼ਿਲ੍ਹਾ ਪਟਿਆਲਾ ਦੇ ਦੋ ਤੀਰਅੰਦਾਜ਼ ਬੈਂਕੌਕ (ਥਾਈਲੈਂਡ) ਦੀ ਧਰਤੀ ਤੇ ਕਮਾਲ ਦਿਖਾਉਣ ਲਈ ਤਿਆਰ ਹਨ। ਦੋਵਾਂ ਨੇ ਤੀਰਅੰਦਾਜ਼ੀ ਵਿੱਚ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਤੀਰਅੰਦਾਜ਼ ਮਨਜੋਤ ਸਿੰਘ ਗੁਲਾਟੀ ਤੇ ਵਿਨਾਇਕ ਵਰਮਾ ਨੇ ਏਸ਼ੀਆ ਕੱਪ ਲਈ ਕੁਆਲੀਫਾਈ ਕਰ ਲਿਆ ਹੈ।

ਏਸ਼ੀਆ ਕੱਪ ਲਈ ਟਰਾਇਲ ਸੋਨੀਪਤ ਵਿੱਚ ਹੋਏ ਸਨ ਜਿਥੇ ਦੋਵਾਂ ਨੇ ਆਪੋ ਆਪਣੇ ਈਵੈਂਟ ਵਿਚੋਂ ਚੰਗੀ ਖੇਡ ਦਾ ਪ੍ਰਦਰਸ਼ਨ ਕਰਕੇ ਏਸ਼ੀਆ ਕੱਪ ਦਾ ਟਿਕਟ ਹਾਸਿਲ ਕੀਤਾ ਹੈ। ਹੁਣ ਮਨਜੋਤ ਤੇ ਵਿਨਾਇਕ ਬੈਂਕੌਕ ਜਾਣਗੇ। ਜਿਥੇ 2 ਮਈ ਤੋਂ 7 ਮਈ ਤੱਕ ਏਸ਼ੀਆ ਕੱਪ ਹੋਣ ਵਾਲਾ ਹੈ। ਮਨਜੋਤ ਸਿੰਘ ਗੁਲਾਟੀ ਨੇ ਆਰਚਰੀ ਵਿੱਚ 7 ’ਚੋਂ 6 ਮੈਚ ਜਿੱਤ ਕੇ ਏਸ਼ੀਆ ਕੱਪ ਲਈ ਕੁਆਲੀਫਾਈ ਕੀਤਾ। 19 ਸਾਲਾ ਮਨਜੋਤ ਨੇ ਏਸ਼ੀਆ ਕੱਪ ਲਈ ਹੋਏ ਟਰਾਇਲਸ ਲਈ ਕਮਪਾਊਂਟ ਈਵੈਂਟ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਮਨਜੋਤ ਤੋਂ ਬਿਨ੍ਹਾਂ ਪਟਿਆਲਾ ਦੇ ਹੀ ਰਹਿਣ ਵਾਲੇ ਵਿਨਾਇਕ ਵਰਮਾ ਨੇ ਵੀ ਏਸ਼ੀਆ ਕੱਪ ਦਾ ਟਿਕਟ ਕਟਾ ਲਿਆ ਹੈ।

17 ਸਾਲਾ ਵਿਨਾਇਕ ਨੇ ਰੀਕਰਵ ਈਵੈਂਟ ਚੋਂ ਤੀਜਾ ਸਥਾਨ ਹਾਸਲ ਕਰਕੇ ਏਸ਼ੀਆ ਕੱਪ ਲਈ ਕੁਆਲੀਫਾਈ ਕਰ ਲਿਆ ਹੈ। ਵਿਨਾਇਕ ਨੇ ਤੀਜੀ ਵਾਰ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਯੂਥ ਵਰਲਡ ਚੈਂਪੀਅਨਸ਼ਿਪ ਵਿਚ ਚੌਥਾ ਸਥਾਨ ਹਾਸਲ ਕੀਤਾ ਸੀ। 19 ਸਾਲਾ ਮਨਜੀਤ ਨੇ ਦੋ ਸਾਲ ਪਹਿਲਾਂ ਹੀ ਤੀਰਅੰਦਾਜ਼ੀ ਦੀ ਸ਼ੁਰੂਆਤ ਕੀਤੀ ਸੀ।ਸਖਤ ਮਿਹਨਤ ਦਾ ਹੀ ਨਤੀਜਾ ਹੈ ਕਿ ਅੱਜ ਮਨਜੋਤ ਦੇਸ਼ ਲਈ ਏਸ਼ੀਆ ਕੱਪ ਖੇਡੇਗਾ।


ਮਨਜੋਤ ਤੇ ਵਿਨਾਇਕ ਦਾ ਕਹਿਣਾ ਹੈ ਇਸ ਮੁਕਾਮ ਤੱਕ ਪਹੁੰਚਣ ਲਈ ਕੋਚ ਗੌਰਵ ਦਾ ਭਰਪੂਰ ਸਾਥ ਮਿਲਿਆ। ਉਨ੍ਹਾਂ ਵਲੋਂ ਕਰਵਾਈ ਗਈ ਤਿਆਰੀ ਸਦਕਾ ਹੀ ਇਹ ਦਿਨ ਨਸੀਬ ਹੋਇਆ। ਇਸ ਦੇ ਨਾਲ ਹੀ ਦੋਵਾਂ ਨੇ ਕਿਹਾ ਇਸ ਕਾਮਯਾਬੀ ਪਿੱਛੇ ਸੀਨੀਅਰ ਕੋਚ ਜੀਵਨਜੋਤ ਸਿੰਘ ਤੇਜਾ ਦਾ ਬਹੁਤ ਵੱਡਾ ਹੱਥ ਹੈ।