ਵੱਡਾ ਸੁਆਲ: ਕੀ ਜੋਅ ਬਾਇਡੇਨ ਮੁੜ ਲਾਉਣਗੇ ਅਮਰੀਕਾ ਦੇ H-1B, H-2B, L-1 ਤੇ J-1 ਵੀਜ਼ਾ ’ਤੇ ਪਾਬੰਦੀ?

0
26

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਪਿਛਲੇ ਸਾਲ ਜੂਨ ’ਚ H-1B, H-B, L-1 ਅਤੇ J-1 ਵੀਜ਼ਾ ਉੱਤੇ ਪਾਬੰਦੀ ਲਾ ਦਿੱਤੀ ਸੀ। ਜ਼ਿਆਦਾਤਰ ਭਾਰਤੀ ਇਨ੍ਹਾਂ ਸਾਰੇ ਵੀਜ਼ਾ ਦੀ ਵਰਤੋਂ ਕਰ ਕੇ ਹੀ ਅਮਰੀਕਾ ਆਉਣਾ ਪਸੰਦ ਕਰਦੇ ਹਨ। ਹੁਣ 31 ਮਾਰਚ ਨੂੰ ਇਹ ਪਾਬੰਦੀ ਖ਼ਤਮ ਹੋ ਗਈ ਹੈ। ਇਸੇ ਲਈ ਹੁਣ ਇਹ ਵੱਡਾ ਸੁਆਲ ਕੀਤਾ ਜਾ ਰਿਹਾ ਹੈ ਕਿ ਕੀ ਰਾਸ਼ਟਰਪਤੀ ਜੋਅ ਬਾਇਡੇਨ ਇਨ੍ਹਾਂ ਵੀਜ਼ਾ ਉੱਤੇ ਮੁੜ ਪਾਬੰਦੀ ਤਾਂ ਨਹੀਂ ਲਾ ਦੇਣਗੇ।

ਸੂਤਰਾਂ ਅਨੁਸਾਰ ਰਾਸ਼ਟਰਪਤੀ ਬਾਇਡੇਨ ਇਨ੍ਹਾਂ H-1B, H-B, L-1 ਅਤੇ J-1 ਵੀਜ਼ਾ ਉੱਤੇ ਪਾਬੰਦੀ ਨਹੀਂ ਲਾਉਣਗੇ। ਇਹੋ ਆਖਿਆ ਜਾ ਰਿਹਾ ਹੈ ਕਿ ਜਿਨ੍ਹਾਂ ਕੋਲ ਵੈਧ ਵੀਜ਼ਾ ਦਾ ਕੋਈ ਯਾਤਰਾ ਦਸਤਾਵੇਜ਼ ਨਹੀਂ ਹੋਵੇਗਾ, ਉਨ੍ਹਾਂ ਉੱਤੇ ਪਾਬੰਦੀ ਪਹਿਲਾਂ ਵਾਂਗ ਲੱਗੀ ਰਹੇਗੀ।

ਦੱਸ ਦੇਈਏ ਕਿ 31 ਮਾਰਚ, 2020 ਨੂੰ ਤਤਕਾਲੀਨ ਰਾਸ਼ਟਰਪਤੀ ਟ੍ਰੰਪ ਨੇ ਇਨ੍ਹਾਂ ਵੀਜ਼ਿਆਂ ਉੱਤੇ ਪਾਬੰਦੀ ਤਿੰਨ ਮਹੀਨਿਆਂ ਲਈ ਹੋਰ ਲਾ ਦਿੱਤੀ ਸੀ। ਇੰਝ ਬਹੁਤ ਸਾਰੇ ਲੋਕ ਅਮਰੀਕੀ ਵੀਜ਼ਾ ਲਈ ਅਰਜ਼ੀ ਦੇਣ ਤੋਂ ਵੀ ਵਾਂਝੇ ਹੋ ਗਏ ਸਨ।

ਅਮਰੀਕਾ ਦੇ ‘ਨੈਸ਼ਨਲ ਲਾੱਅ ਪ੍ਰੀਵਿਊ’ ਅਨੁਸਾਰ ਹੁਣ ਕਿਸੇ ਅਮਰੀਕੀ ਕੌਂਸਲਰ ਪੋਸਟ ਉੱਤੇ ਜਾ ਕੇ ਨੌਨ-ਇਮੀਗ੍ਰਾਂਟ ਵੀਜ਼ਾ ਲਈ ਆਪਣੀ ਅਰਜ਼ੀ ਦਾਖ਼ਲ ਕੀਤੀ ਜਾ ਸਕਦੀ ਹੈ। ਜ਼ਿਆਦਾਤਰ ਕੌਂਸਲਰ ਪੋਸਟਸ ਲਈ ਸੀਮਤ ਅਪੁਆਇੰਟਮੈਂਟ ਰਹੇਗੀ ਤੇ ਇੰਝ ਕੌਂਸਲਰ ਪੋਸਟਸ ਦੇ ਕੰਮ ਉੱਤੇ ਇਸ ਦਾ ਅਸਰ ਪਵੇਗਾ।

ਦਰਅਸਲ, ਜ਼ਿਆਦਾਤਰ ਪਾਬੰਦੀਆਂ ਤਾਂ ਕੋਵਿਡ-19 ਮਹਾਮਾਰੀ ਕਰਕੇ ਵੀ ਲੱਗੀਆਂ ਹੋਈਆਂ ਹਨ। ਅਮਰੀਕਾ ਸਮੇਤ ਬਹੁਤੇ ਦੇਸ਼ਾਂ ਦੀਆਂ ਸਰਕਾਰਾਂ ਨੇ ਯਾਤਰਾ ਕਰਨ ਉੱਤੇ ਮੁਕੰਮਲ ਪਾਬੰਦੀਆਂ ਲਾਈਆਂ ਹੋਈਆਂ ਹਨ। ਪਾਬੰਦੀਆਂ ਕਰਕੇ ਪਹਿਲਾਂ ਹੀ ਇਮੀਗ੍ਰੇਸ਼ਨ ਦਫ਼ਤਰਾਂ ’ਚ ਕੰਮ ਦਾ ਬਹੁਤ ਸਾਰਾ ਬੈਕਲੌਗ ਇਕੱਠਾ ਹੋ ਗਿਆ ਹੈ। ਉਹ ਸਾਰਾ ਕੰਮ ਹੁਣ ਨਿਬੇੜਿਆ ਜਾ ਰਿਹਾ ਹੈ।

ਚੀਨ, ਈਰਾਨ, ਬ੍ਰਾਜ਼ੀਲ, ਇੰਗਲੈਂਡ, ਆਇਰਲੈਂਡ, ਦੱਖਣੀ ਅਫ਼ਰੀਕਾ ਤੇ ਯੂਰੋਪ ਦੇ ਸ਼ੈਨਜਨ ਇਲਾਕੇ ’ਚ ਕੋਵਿਡ-19 ਕਾਰਨ ਯਾਤਰਾ ਕਰਨ ਉੱਤੇ ਪਾਬੰਦੀ ਲੱਗੀ ਹੋਈ ਹੈ।