ਪੰਜਾਬ ‘ਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ, ਕੇਂਦਰ ਸਰਕਾਰ ਦਾ ਅਹਿਮ ਫੈਸਲਾ

0
103

ਚੰਡੀਗੜ੍ਹ (TLT) ਪੰਜਾਬ ਵਿੱਚ ਕਰੋਨਾਵਾਇਰਸ (Corona in Punjab) ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਸਰਕਾਰੀ ਰਿਪੋਰਟ ਮੁਤਾਬਕ ਵੀਰਵਾਰ ਨੂੰ 60 ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਇਸ ਦੌਰਾਨ 3187 ਹੋਰ ਸੱਜਰੇ ਮਾਮਲੇ ਵੀ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੈਡੀਕਲ ਬੁਲੇਟਿਨ ਮੁਤਾਬਕ ਹੁਣ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਵੱਧ ਰਹੀ ਹੈ।

ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਲਾਗ ਦਾ ਸ਼ਿਕਾਰ ਹੋਏ ਵਿਅਕਤੀਆਂ ਵਿੱਚੋਂ ਜ਼ਿਆਦਾਤਰ ਦੀ ਰਿਪੋਰਟ 10 ਦਿਨਾਂ ਦੇ ਅੰਦਰ ਹੀ ਨੈਗੇਟਿਵ ਆ ਜਾਂਦੀ ਹੈ। ਪਿਛਲੇ ਇੱਕ ਦਿਨ ਦੌਰਾਨ ਅੰਮ੍ਰਿਤਸਰ ’ਚ 11, ਹੁਸ਼ਿਆਰਪੁਰ ਤੇ ਜਲੰਧਰ ’ਚ 9-9, ਲੁਧਿਆਣਾ ’ਚ 8, ਮੁਹਾਲੀ ਤੇ ਨਵਾਂਸ਼ਹਿਰ ’ਚ 4-4, ਗੁਰਦਾਸਪੁਰ ’ਚ 3, ਤਰਨ ਤਾਰਨ, ਪਟਿਆਲਾ, ਫ਼ਿਰੋਜ਼ਪੁਰ ਤੇ ਸੰਗਰੂਰ ’ਚ 2-2, ਬਰਨਾਲਾ, ਬਠਿੰਡਾ, ਪਠਾਨਕੋਟ ਤੇ ਕਪੂਰਥਲਾ ’ਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ।

ਉਧਰ, ਵਿਗੜਦੇ ਹਾਲਾਤ ਨੂੰ ਵੇਖਦਿਆਂ ਕਰੋਨਾਵਾਇਰਸ ਤੋਂ ਬਚਾਅ ਲਈ ਟੀਕੇ ਲਾਉਣ ਦਾ ਘੇਰਾ ਵਧਾਉਣ ਦੇ ਨਾਲ ਹੀ ਕੇਂਦਰ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਗਜ਼ਟਿਡ ਛੁੱਟੀਆਂ ਸਮੇਤ ਪੂਰੇ ਅਪਰੈਲ ਮਹੀਨੇ ’ਚ ਸਾਰੇ ਸਰਕਾਰੀ ਤੇ ਪ੍ਰਾਈਵੇਟ ਕੋਵਿਡ-19 ਵੈਕਸੀਨੇਸ਼ਨ ਕੇਂਦਰ ਖੁੱਲ੍ਹੇ ਰਹਿਣਗੇ ਤੇ ਲੋਕਾਂ ਨੂੰ ਕਰੋਨਾ ਤੋਂ ਬਚਾਅ ਦੇ ਟੀਕੇ ਲਗਾਏ ਜਾਣਗੇ। ਕੇਂਦਰ ਨੇ ਸਾਰੀਆਂ ਸੂਬਾ ਸਰਕਾਰਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਇਸ ਲਈ ਲੋੜੀਂਦੇ ਪ੍ਰਬੰਧ ਕਰਨ।

ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਫ਼ੈਸਲਾ ਸੂਬਿਆਂ ਅਤੇ ਯੂਟੀਜ਼ ਨਾਲ 31 ਮਾਰਚ ਨੂੰ ਵਿਸਥਾਰ ’ਚ ਚਰਚਾ ਮਗਰੋਂ ਲਿਆ ਗਿਆ ਹੈ ਤਾਂ ਜੋ ਟੀਕਾਕਰਨ ਦੀ ਰਫ਼ਤਾਰ ਵਧਾਈ ਜਾ ਸਕੇ। ਉਨ੍ਹਾਂ ਕਿਹਾ ਕਿ ਟੀਕਾਕਰਨ ਮੁਹਿੰਮ ਦੀ ਨਜ਼ਰਸਾਨੀ ਤੇ ਨਿਗਰਾਨੀ ਉੱਚ ਪੱਧਰ ’ਤੇ ਲਗਾਤਾਰ ਕੀਤੀ ਜਾ ਰਹੀ ਹੈ।