ਪੰਜਾਬ ‘ਚ ਔਰਤਾਂ ਹੁਣ ਤੋਂ ਸਰਕਾਰੀ ਬੱਸਾਂ ‘ਤੇ ਕਰਨਗੀਆਂ ਮੁਫਤ ਸਫਰ, ਜਾਣੋ ਕਿਵੇਂ ਮਿਲੇਗਾ ਲਾਭ

0
47

ਚੰਡੀਗੜ੍ਹ (TLT) ਪੰਜਾਬ ਵਿੱਚ ਅੱਜ ਤੋਂ ਔਰਤਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ ਬੱਸ ਸਫਰ ਦੀ ਸਹੂਲਤ ਸ਼ੁਰੂ ਹੋ ਗਈ ਹੈ। ਪਹਿਲੇ ਦਿਨ ਹੀ ਔਰਤਾਂ ਫਰੀ ਸਫਰ ਕਰਕੇ ਕਾਫੀ ਖੁਸ਼ ਨਜ਼ਰ ਆ ਰਹੀਆਂ ਹਨ। ਅੱਜ ਵੇਖਿਆ ਗਿਆ ਕਿ ਕਈਆਂ ਨੂੰ ਤਾਂ ਸਰਕਾਰ ਦੀ ਇਸ ਸਹੂਲਤ ਦਾ ਪਤਾ ਹੀ ਨਹੀਂ ਸੀ। ਬੱਸ ਵਿੱਚ ਚੜ੍ਹਨ ਬਾਅਦ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਹ ਖੁਸ਼ ਨਜ਼ਰ ਆਈਆਂ।

ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 5 ਮਾਰਚ ਨੂੰ ਵਿਧਾਨ ਸਭਾ ਵਿੱਚ ਔਰਤਾਂ ਨੂੰ ਮੁਫ਼ਤ ਸਫਰ ਦੀ ਸਹੂਲਤ ਦੇਣ ਦੀ ਯੋਜਨਾ ਦਾ ਐਲਾਨ ਕੀਤਾ ਸੀ। ਇਸ ਦਾ ਫਾਇਦਾ ਰਾਜ ਭਰ ਦੀਆਂ ਕਰੀਬ 1.31 ਕਰੋੜ ਔਰਤਾਂ/ਲੜਕੀਆਂ ਨੂੰ ਹੋਵੇਗਾ।

ਉਧਰ, ਕੈਪਟਨ ਸਰਕਾਰ ਇਸ ਸਕੀਮ ਦਾ ਉਦਘਾਟਨੀ ਸਮਾਰੋਹ ਕਰਵਾਇਆ ਜਾ ਰਿਹਾ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਵੀਡੀਓ ਕਾਨਫ਼ਰੰਸਿੰਗ ਰਾਹੀਂ ਪੰਜਾਬ ਭਰ ਦੇ ਉਨ੍ਹਾਂ ਪੇਂਡੂ ਤੇ ਸ਼ਹਿਰੀ ਪੁਆਇੰਟਾਂ ਨਾਲ ਜੁੜ ਰਹੇ ਹਨ ਜਿੱਥੇ ਮੁਫ਼ਤ ਬੱਸ ਸੇਵਾ ਦੇ ਉਦਘਾਟਨੀ ਪ੍ਰੋਗਰਾਮ ਹੋ ਰਹੇ ਹਨ। ਪੰਜਾਬ ਭਰ ਵਿਚ ਕਰੀਬ ਇੱਕ ਹਜ਼ਾਰ ਥਾਵਾਂ ’ਤੇ ਇਹ ਉਦਘਾਟਨੀ ਸਮਾਰੋਹ ਰੱਖੇ ਗਏ ਹਨ।

ਕਿਹੜੀਆਂ ਬੱਸਾਂ ‘ਚ ਮਿਲੇਗੀ ਸਹੂਲਤ

ਇਸ ਸਕੀਮ ਤਹਿਤ ਔਰਤਾਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ), ਪੰਜਾਬ ਰੋਡਵੇਜ਼ ਬੱਸਿਜ਼ (ਪਨਬੱਸ) ਤੇ ਸਥਾਨਕ ਸਰਕਾਰਾਂ ਵੱਲੋਂ ਚਲਾਈ ਜਾਂਦੀ ਸਿਟੀ ਬੱਸ ਸਰਵਿਸ ਵਿੱਚ ਮੁਫ਼ਤ ਸਫਰ ਕਰ ਸਕਣਗੀਆਂ ਜਦੋਂ ਕਿ ਇਹ ਸਕੀਮ ਸਰਕਾਰੀ ਏਸੀ ਬੱਸਾਂ, ਵੌਲਵੋ ਬੱਸਾਂ ਤੇ ਐੱਚਵੀਏਸੀ ਬੱਸਾਂ ਵਿੱਚ ਲਾਗੂ ਨਹੀਂ ਹੋਵੇਗੀ।

ਕਿਸ ਕਿਸ ਨੂੰ ਮਿਲੀ ਸਹੂਲਤ

ਪੰਜਾਬ ਦੀਆਂ ਸਾਰੀਆਂ ਔਰਤਾਂ ਲਈ ਇਹ ਸਹੂਲਤ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਮੁਲਾਜ਼ਮ ਜਿਹੜੇ ਚੰਡੀਗੜ੍ਹ ਰਹਿੰਦੇ ਹਨ ਉਨ੍ਹਾਂ ਦੀਆਂ ਪਰਿਵਾਰਕ ਮੈਂਬਰ ਔਰਤਾਂ ਜਾਂ ਚੰਡੀਗੜ੍ਹ ਰਹਿਣ ਵਾਲੀਆਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਔਰਤਾਂ ਵੀ ਇਸ ਮੁਫਤ ਬੱਸ ਸਫਰ ਸਹੂਲਤ ਦਾ ਫਾਇਦਾ ਉਠਾ ਸਕਦੀਆਂ ਹਨ। ਫਿਰ ਭਾਵੇਂ ਉਹ ਕਿਸੇ ਵੀ ਉਮਰ ਵਰਗ ਜਾਂ ਆਮਦਨ ਦੇ ਘੇਰੇ ਵਿੱਚ ਆਉਂਦੀਆਂ ਹੋਣ। ਇਹ ਸਕੀਮ ਔਰਤਾਂ ਨੂੰ ਸਰਕਾਰੀ ਟਰਾਂਸਪੋਰਟ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰੇਗੀ।