ਪੰਜਾਬ ‘ਚ 8000 ਤੋਂ ਵੱਧ ਅਧਿਆਪਕਾਂ ਦੀ ਭਰਤੀ ਬਾਰੇ ਨਵੀਂ ਅਪਡੇਟ

0
68

ਚੰਡੀਗੜ੍ਹ (TLT) Punjab Pre-Primary Teacher Recruitment 2021 ਤਹਿਤ ਅਧਿਆਪਕ ਭਰਤੀ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਦੇ ਸਕੂਲੀ ਸਿੱਖਿਆ ਵਿਭਾਗ ਨੇ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ 8393 ਅਸਾਮੀਆਂ ਭਰਨ ਲਈ ਬਿਨੈ ਕਰਨ ਦੀ ਮਿਆਦ ਵਧਾ ਦਿੱਤੀ ਹੈ। ਪੰਜਾਬ ਪ੍ਰੀ-ਪ੍ਰਾਇਮਰੀ ਟੀਚਰ ਭਰਤੀ 2021 ਲਈ ਬਿਨੈ ਕਰਨ ਦੇ ਇਛੁੱਕ ਨੌਜਵਾਨ ਹੁਣ 21 ਅਪ੍ਰੈਲ 2021 ਤੱਕ ਅਪਲਾਈ ਕਰ ਸਕਦੇ ਹਨ। ਇਸ ਫੈਸਲੇ ਨਾਲ ਕਾਫੀ ਨੌਜਵਾਨਾਂ ਨੂੰ ਲਾਭ ਮਿਲ ਸਕਦਾ ਹੈ।

ਇਸ ਤੋਂ ਪਹਿਲਾਂ ਬਿਨੈ ਪ੍ਰਕਿਰਿਆ 21 ਦਸੰਬਰ 2020 ਨੂੰ ਹੀ ਪੂਰੀ ਹੋ ਗਈ ਸੀ। ਇਸ ਭਰਤੀ ਦਾ ਨੋਟੀਫਿਕੇਸ਼ਨ 23 ਨਵੰਬਰ 2020 ਨੂੰ ਜਾਰੀ ਕੀਤਾ ਗਿਆ ਸੀ। ਪੰਜਾਬ ਪ੍ਰੀ-ਪ੍ਰਾਇਮਰੀ ਟੀਚਰ ਭਾਰਤੀ ਵਿੱਚ ਉਹੀ ਉਮੀਦਵਾਰ ਬਿਨੈ ਕਰ ਸਕਦੇ ਹਨ, ਜਿਨ੍ਹਾਂ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਸੀਨੀਅਰ ਸੈਕੰਡਰੀ ਯਾਨੀ ਕਿ 12ਵੀਂ ਘੱਟੋ ਘੱਟ 45 ਫ਼ੀਸਦ ਨੰਬਰਾਂ ਨਾਲ ਪਾਸ ਕੀਤੀ ਹੋਵੇ ਅਤੇ ਨਰਸਰੀ ਟੀਚਰ ਐਜੂਕੇਸ਼ਨ ਵਿੱਚ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਕੋਲੋਂ ਡਿਪਲੋਮਾ ਪ੍ਰਾਪਤ ਕੀਤਾ ਹੋਵੇ।

ਨਾਲ ਹੀ, ਉਮੀਦਵਾਰਾਂ ਨੂੰ 10ਵੀਂ ਤੱਕ ਪੰਜਾਬੀ ਲਾਜ਼ਮੀ ਤੌਰ ‘ਤੇ ਪੜ੍ਹੀ ਹੋਵੇ। ਬਿਨੈਕਾਰ ਪਹਿਲੀ ਦਸੰਬਰ 2020 ਤੱਕ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 37 ਸਾਲ ਦਾ ਹੋਣਾ ਚਾਹੀਦਾ ਹੈ। ਉਮਰ ਸੀਮਾ ਵਿੱਚ ਛੋਟ ਰਾਖਵਾਂਕਰਨ ਦੇ ਨਿਯਮਾਂ ਮੁਤਾਬਕ ਮਿਲੇਗੀ।

ਇੰਝ ਕਰੋ ਅਪਲਾਈ

ਬਿਨੈਕਾਰ, ਪੰਜਾਬ ਸਕੂਲੀ ਸਿੱਖਿਆ ਵਿਭਾਗ ਦੀ ਅਧਿਕਾਰਤ ਵੈੱਬਸਾਈਟ educationrecruitmentboard.com ਉੱਪਰ ਜਾ ਕੇ ਉਕਤ ਪੋਸਟ ਲਈ ਅਪਲਾਈ ਕਰ ਸਕਦੇ ਹਨ। ਬਿਨੈਕਾਰ ਨੂੰ ਆਪਣੇ ਸਾਰੇ ਵੇਰਵੇ ਭਰ ਕੇ ਰਜਿਸਟ੍ਰੇਸ਼ਨ ਪੂਰੀ ਕਰਨੀ ਹੋਵੇਗੀ। ਇਸ ਉਪਰੰਤ ਉਸ ਨੂੰ ਰਜਿਸਟ੍ਰੇਸ਼ਨ ਨੰਬਰ ਮਿਲੇਗਾ। ਬਿਨੈ ਪ੍ਰਕਿਰਿਆ ਪੂਰੀ 1000 ਰੁਪਏ ਅਤੇ ਰਾਖਵਾਂਕਰਨ ਦੀ ਸੁਵਿਧਾ ਲੈਣ ਵਾਲਿਆਂ ਲਈ 500 ਰੁਪਏ ਫੀਸ ਅਦਾ ਕਰਨੀ ਲਾਜ਼ਮੀ ਹੋਵੇਗੀ। ਇਸ ਤੋਂ ਇਲਾਵਾ ਪ੍ਰੀ-ਪ੍ਰਾਇਮਰੀ ਟੀਚਰ ਰਿਕਰੂਟਮੈਂਟ ਲਈ ਬਿਨੈ ਪ੍ਰਕਿਰਿਆ ਸਬੰਧੀ ਹੋਰ ਸ਼ਰਤਾਂ ਅਤੇ ਨਿਯਮ ਵੀ ਵਿਭਾਗ ਦੀ ਅਧਿਕਾਰਤ ਵੈੱਬਸਾਈਟ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ, ਜੋ ਕਿ ਕਿਸੇ ਬਿਨੈਕਾਰ ਲਈ ਪੜ੍ਹਨੇ ਬੇਹੱਦ ਲਾਜ਼ਮੀ ਹਨ।