1 ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲੱਗੇਗੀ ਕੋਰੋਨਾ ਵੈਕਸੀਨ, ਘਰ ਬੈਠੇ ਇੰਝ ਕਰਵਾਓ ਰਜਿਸਟ੍ਰੇਸ਼ਨ

0
66

ਨਵੀਂ ਦਿੱਲੀ (TLT) ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਦਿੱਲੀ ’ਚ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ 45 ਸਾਲ ਤੇ ਵੱਧ ਦੇ ਲੋਕ ਇੱਕ ਅਪ੍ਰੈਲ ਤੋਂ ਕੋਰੋਨਾਵਾਇਰਸ ਦੀ ਲਾਗ ਨੂੰ ਰੋਕਣ ਲਈ ਟੀਕਾ ਲਵਾ ਸਕਦੇ ਹਨ। ਇਹ ਫ਼ੈਸਲਾ ਕੈਬਨਿਟ ਨੇ ਕੋਵਿਡ ਦੀ ਟਾਸਕ ਫ਼ੋਰਸ ਤੇ ਮਾਹਿਰਾਂ ਦੀ ਸਲਾਹ ਦੇ ਆਧਾਰ ਉੱਤੇ ਲਿਆ ਹੈ। ਇੱਥੇ ਵਰਨਣਯੋਗ ਹੈ ਕਿ ਇਸ ਵੇਲੇ ਸਿਰਫ਼ 60 ਤੋਂ ਉੱਤੇ ਤੇ ਗੰਭੀਰ ਬੀਮਾਰੀ ਤੋਂ ਪੀੜਤ 45 ਸਾਲ ਦੀ ਉਮਰ ਤੋਂ ਉੱਪਰ ਦੇ ਲੋਕਾਂ ਦਾ ਹੀ ਟੀਕਾਕਰਨ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਕੇਂਦਰ ਨੇ ਕੋਰੋਨਾ ਦੇ ਵਧਦੇ ਮਾਮਲਿਆਂ ’ਚ ਟੀਕਾਕਰਨ ਮੁਹਿੰਮ ਨੂੰ ਵੀ ਰਫ਼ਤਾਰ ਦੇਣ ਦਾ ਫ਼ੈਸਲਾ ਕੀਤਾ ਹੈ। ਦੱਸ ਦੇਈਏ ਕਿ ਹੁਣ ਤੱਕ 4.85 ਕਰੋੜ ਲੋਕਾਂ ਨੂੰ ਕੋਰੋਨਾਵਾਇਰਸ ਦੇ ਟੀਕੇ ਦੀ ਇੱਕ ਖ਼ੁਰਾਕ ਦਿੱਤੀ ਜਾ ਚੁੱਕੀ ਹੈ।

ਟੀਕਾਕਰਣ ਲਈ ਰਜਿਸਟ੍ਰੇਸ਼ਨ ਤੁਸੀਂ ਇੰਝ ਕਰਵਾ ਸਕਦੇ ਹੋ:

ਲਾਭਪਾਤਰੀ COWIN ਪੋਰਟਲ ਜਾਂ ਆਰੋਗਯ ਸੇਤੂ ਐਪ ਉੱਤੇ ਰਜਿਸਟ੍ਰੇਸ਼ਨ ਜਾਂ ਅਪੁਆਇੰਟਮੈਂਟ ਬੁੱਕ ਕਰਵਾ ਸਕਦੇ ਹਨ।

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਤੇ ਨੈਸ਼ਨਲ ਹੈਲਕ ਅਥਾਰਟੀ ਦੀ ਵੈੱਬਸਾਈਟ ਉੱਤੇ ਵੀ ਨਾਗਰਿਕਾਂ ਨੂੰ ਰਜਿਸਟ੍ਰੇਸ਼ਨ ਤੇ ਅਪੁਆਇੰਟਮੈਂਟ ਲਈ ਯੂਜ਼ਰ ਗਾਈਡ ਦਿੱਤੀ ਗਈ ਹੈ।

Co-WIN ਉੱਤੇ ਰਜਿਸਟ੍ਰੇਸ਼ਨ ਕਰਵਾਉਣ ਲਈ ਆਪਣਾ ਮੋਬਾਈਲ ਫ਼ੋਨ ਨੰਬਰ ਦਰਜ ਕਰੋ ਤੇ Send OTP ਆਇਕੌਨ ਉੱਤੇ ਕਲਿੱਕ ਕਰੋ। ਫਿਰ ਫ਼ੋਨ ਉੱਤੇ ਪ੍ਰਾਪਤ ਹੋਇਆ OTP ਦਰਜ ਕਰੋ ਤੇ ਵੈਰੀਫ਼ਾਈ ਬਟਨ ਉੱਤੇ ਕਲਿੱਕ ਕਰੋ।

Aarogya Setu ਤੋਂ ਰਜਿਸਟ੍ਰੇਸ਼ਨ ਕਰਵਾਉਣ ਲਈ CoWIN ਟੈਬ ’ਤੇ ਜਾਓ, ਟੀਕਾਕਰਣ ਟੈਬ ਉੱਤੇ ਟੈਪ ਕਰੋ ਤੇ Proceed ਉੱਤੇ ਕਲਿੱਕ ਕਰੋ। ਰਜਿਸਟ੍ਰੇਸ਼ਨ ਫ਼ਾਰਮ ਵਿੱਚ ਵੇਰਵੇ ਭਰੋ। ਰਜਿਸਟ੍ਰੇਸ਼ਨ ਹੋ ਜਾਣ ਤੋਂ ਬਾਅਦ ਤੁਹਾਨੂੰ ਪੁਸ਼ਟੀ (ਕਨਫ਼ਰਮੇਸ਼ਨ) ਦਾ ਇੱਕ ਮੈਸੇਜ ਮਿਲੇਗਾ।

ਇੱਕ ਵਿਅਕਤੀ, ਜਿਸ ਨੇ ਰਜਿਸਟ੍ਰੇਸ਼ਨ ਕਰਵਾਈ ਹੈ, ਉਹ ਇੱਕ ਮੋਬਾਇਲ ਨੰਬਰ ਉੱਤੇ ਚਾਰ ਵਿਅਕਤੀਆਂ ਨੂੰ ਜੋੜ ਸਕਦਾ ਹੈ।

ਲਾਭਪਾਤਰੀ ਦੂਜੀ ਖ਼ੁਰਾਕ ਲਈ ਪੋਰਟਲ ਜਾਂ ਮੋਬਾਇਲ ਐਪਲੀਕੇਸ਼ਨ ਰਾਹੀਂ ਅਪੁਆਇੰਟਮੈਂਟ ਨੂੰ ਨਵੇਂ ਸਮੈਂ ਲਈ ਤੈਅ ਕਰ ਸਕਦੇ ਹਨ ਜਾਂ ਰੱਦ ਵੀ ਕਰ ਸਕਦੇ ਹਨ। ਹਰੇਕ ਟੀਕਾਕਰਣ ਦਾ ਇੱਕ ਡਿਜੀਟਲ ਰਿਕਾਰਡ ਰੱਖਿਆ ਜਾ ਰਿਹਾ ਹੈ।

ਜੇ ਤੁਸੀਂ ਆਪਣਾ ਪਹਿਲਾ ਲਿਆ ਸਮਾਂ ਬਦਲ ਕੇ ਕੋਈ ਹੋਰ ਸਮਾਂ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਮੋਬਾਇਲ ਫ਼ੋਨ ਨੰਬਰ ਤੋਂ ਲੌਗਇਨ ਕਰ ਸਕਦੇ ਹੋ, OTP ਦਰਜ ਕਰ ਸਕਦੇ ਹੋ ਤੇ ਫਿਰ ‘ਐਕਸ਼ਨ’ ਕਾਲਮ ਹੇਠਾਂ ਐਡਿਟ ਆਇਕੌਨ ਉੱਤੇ ਕਲਿੱਕ ਕਰਕੇ ਤਬਦੀਲੀ ਕਰ ਸਕਦੇ ਹੋ।

ਵੈਕਸੀਨੇਸ਼ਨ ਪ੍ਰਕਿਰਿਆ ਮੁਕੰਮਲ ਹੋ ਜਾਣ ਤੋਂ ਬਾਅਦ ਇੱਕ ਡਿਜੀਟਲ ਸਰਟੀਫ਼ਿਕੇਟ ਪੋਰਟਲ ਜਾਂ ਐਪ ਉੱਤੇ ਭੇਜਿਆ ਜਾਵੇਗਾ। ਇਸ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ।